ਸ਼ਿਮਲਾ (ਰਾਜੇਸ਼) : ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਨੂੰ ਊਰਜਾ ਉਤਪਾਦਨ 'ਚ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਦਿਸ਼ਾ 'ਚ ਕਦਮ ਚੁੱਕੇ ਹਨ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ 22 ਨਵੇਂ ਪਣ-ਬਿਜਲੀ ਪ੍ਰਾਜੈਕਟ ਅਲਾਟ ਕੀਤੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਸਮਰੱਥਾ 828 ਮੈਗਾਵਾਟ ਹੋਵੇਗੀ, ਜਿਸ ਵਿੱਚ 6.5 ਮੈਗਾਵਾਟ ਤੋਂ 400 ਮੈਗਾਵਾਟ ਤੱਕ ਦੇ ਪ੍ਰਾਜੈਕਟ ਸ਼ਾਮਲ ਹਨ।
ਚਨਾਬ ਨਦੀ ਬੇਸਿਨ ਬਣੇਗਾ ਊਰਜਾ ਦਾ ਮੁੱਖ ਸਰੋਤ
ਇਨ੍ਹਾਂ ਪ੍ਰਾਜੈਕਟਾਂ ਵਿੱਚ ਸਭ ਤੋਂ ਵੱਧ ਹਿੱਸਾ ਚਨਾਬ ਦਰਿਆ ਬੇਸਿਨ ਦਾ ਹੈ, ਜਿੱਥੇ 595 ਮੈਗਾਵਾਟ ਦੇ 9 ਪ੍ਰਾਜੈਕਟ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਤਲੁਜ ਦਰਿਆ ਬੇਸਿਨ 'ਚ 169 ਮੈਗਾਵਾਟ ਦੇ 8, ਰਾਵੀ ਬੇਸਿਨ ਵਿੱਚ 55 ਮੈਗਾਵਾਟ ਦੇ 4 ਅਤੇ ਬਿਆਸ ਬੇਸਿਨ ਵਿੱਚ 9 ਮੈਗਾਵਾਟ ਦੇ ਪ੍ਰਾਜੈਕਟ ਪ੍ਰਸਤਾਵਿਤ ਹਨ।
10 ਲੱਖ ਰੁਪਏ ਪ੍ਰਤੀ ਮੈਗਾਵਾਟ ਦਾ ਅੱਪਫ੍ਰੰਟ ਪ੍ਰੀਮੀਅਮ
ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਨੂੰ 40 ਸਾਲਾਂ ਲਈ 10 ਲੱਖ ਰੁਪਏ ਪ੍ਰਤੀ ਮੈਗਾਵਾਟ ਦੇ ਅਗਾਊਂ ਪ੍ਰੀਮੀਅਮ ਦੇ ਆਧਾਰ 'ਤੇ ਦੇਸ਼ ਦੇ ਹੋਰ ਰਾਜਾਂ ਅਤੇ ਕੇਂਦਰੀ ਅਦਾਰਿਆਂ ਨੂੰ ਅਲਾਟ ਕਰਨ ਦਾ ਫੈਸਲਾ ਕੀਤਾ ਹੈ।
ਸਥਾਨਕ ਵਿਕਾਸ ਤੇ ਰੁਜ਼ਗਾਰ ਨੂੰ ਹੁਲਾਰਾ
ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ਼ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ ਵਾਧਾ ਕਰਨਗੇ, ਸਗੋਂ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਪ੍ਰਦਾਨ ਕਰਨਗੇ ਅਤੇ ਖੇਤਰੀ ਵਿਕਾਸ ਨੂੰ ਬੜ੍ਹਾਵਾ ਦੇਣਗੇ।
ਹਿਮਾਚਲ ਊਰਜਾ ਨਾਲ ਭਰਪੂਰ ਸੂਬਾ
ਪ੍ਰਾਜੈਕਟਾਂ ਦੇ ਸਫਲਤਾਪੂਰਵਕ ਲਾਗੂ ਹੋਣ ਨਾਲ, ਹਿਮਾਚਲ ਪ੍ਰਦੇਸ਼ ਦੇਸ਼ ਦੇ ਸਭ ਤੋਂ ਖੁਸ਼ਹਾਲ ਊਰਜਾ ਉਤਪਾਦਕ ਰਾਜਾਂ ਵਿੱਚੋਂ ਇੱਕ ਵਜੋਂ ਉਭਰੇਗਾ। ਇਸ ਦੇ ਲਈ ਊਰਜਾ ਡਾਇਰੈਕਟੋਰੇਟ ਨੇ ਦੇਸ਼ ਭਰ ਵਿੱਚ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਰਾਜਾਂ ਦੇ ਸਕੱਤਰਾਂ ਨੂੰ ਪੱਤਰ ਭੇਜੇ ਗਏ ਹਨ।
ਅਯੁੱਧਿਆ ਰਾਮ ਮੰਦਰ 'ਚ ਨਵੇਂ ਸਾਲ ਦੇ ਦਿਨ ਭਗਤਾਂ ਦਾ ਲੱਗਿਆ ਤਾਂਤਾ
NEXT STORY