ਜੈਪੁਰ- ਰਾਜਸਥਾਨ ਦੇ 2 ਜ਼ਿਲਿਅਾਂ ਵਿਚ ਪਿਛਲੇ 10 ਦਿਨਾਂ ਵਿਚ 700 ਤੋਂ ਵਧ ਬੱਚੇ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਦੌਸਾ ਵਿਚ 375 ਤੋਂ ਵਧ ਅਤੇ ਡੂੰਗਰਪੁਰ ਵਿਚ ਹੁਣ ਤੱਕ 325 ਬੱਚੇ ਕੋਰੋਨਾ ਪਾਜ਼ੇਟਿਵ ਮਿਲ ਚੁੱਕੇ ਹਨ। ਰਾਜਸਥਾਨ ’ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਅੰਕੜਿਆਂ ਦਰਮਿਆਨ ਹੁਣ ਬੱਚਿਆਂ ਦੇ ਪਾਜ਼ੇਟਿਵ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸੂਬੇ ’ਚ ਡੂੰਗਰਪੁਰ ਜ਼ਿਲੇ ’ਚ ਪ੍ਰਸ਼ਾਸਨ ਨੇ ਸ਼ਨੀਵਾਰ ਤੱਕ 315 ਬੱਚਿਆਂ ’ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਸੀ ਪਰ ਐਤਵਾਰ 10 ਹੋਰ ਬੱਚੇ ਪੀੜਤ ਮਿਲੇ। ਇਸ ਤਰ੍ਹਾਂ ਡੂੰਗਰਪੁਰ ’ਚ ਕੋਰੋਨਾ ਪੀੜਤ ਬੱਚਿਆਂ ਦੀ ਗਿਣਤੀ ਵੱਧ ਕੇ 325 ਹੋ ਗਈ ਹੈ। ਇਕੱਲੇ ਦੌਸਾ ਵਿਖੇ ਹੀ 341 ਬੱਚੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ ਦੌਸਾ ਜ਼ਿਲੇ ’ਚ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਦੌਸਾ ’ਚ 1 ਮਈ ਤੋਂ 21 ਮਈ ਤੱਕ ਜਿਹੜੇ 341 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਦੀ ਉਮਰ 10 ਤੋਂ 18 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਜ਼ਿਲੇ ਦੇ ਡੀ.ਐੱਮ. ਮੁਤਾਬਕ ਇਨ੍ਹਾਂ ਬੱਚਿਆਂ ਵਿਚੋਂ ਕੋਈ ਵੀ ਗੰਭੀਰ ਨਹੀਂ ਹੈ। ਜ਼ਿਲਾ ਹਸਪਤਾਲ ਨੂੰ ਪੂਰੀ ਤਰ੍ਹਾਂ ਅਲਰਟ ’ਤੇ ਰੱਖਿਆ ਗਿਆ ਹੈ। ਓਧਰ ਰਾਜਸਥਾਨ ਦੇ ਪੇਂਡੂ ਇਲਾਕਿਆਂ ’ਚ ਕੋਰੋਨਾ ਦੀ ਰੋਕਥਾਮ ਲਈ ਸੂਬਾ ਸਰਕਾਰ ਹੁਣ ਜੰਗੀ ਪੱਧਰ ’ਤੇ ਤਿਆਰੀ ’ਚ ਜੁੱਟ ਗਈ ਹੈ। ਸਿਹਤ ਵਿਭਾਗ ਦੀ ਟੀਮ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਦਾ ਕੋਵਿਡ ਟੈਸਟ ਕਰੇਗੀ। ਪਿੰਡਾਂ ’ਚ ਹੀ ਕੋਵਿਡ ਸੈਂਟਰ ਬਣਾਏ ਜਾਣਗੇ। ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾਏਗਾ। ਘਰ-ਘਰ ਸਰਵੇਖਣ ਕੀਤਾ ਜਾਏਗਾ। ਮਹਾਰਾਸ਼ਟਰ, ਕਰਨਾਟਕ ਅਤੇ ਕੁਝ ਹੋਰਨਾਂ ਸੂਬਿਆਂ ’ਚ ਬੱਚਿਆਂ ’ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਮਾਹਿਰਾਂ ਮੁਤਾਬਕ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਹੋ ਸਕਦੀ ਹੈ।
ਪਹਿਲੀ ਲਹਿਰ ਦੌਰਾਨ ਵੀ ਲਪੇਟ ’ਚ ਆਏ ਸਨ ਬੱਚੇ
ਇਕ ਅੰਕੜੇ ਮੁਤਾਬਕ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ 9 ਮਾਰਚ ਤੋਂ 25 ਸਤੰਬਰ 2020 ਤੱਕ 10 ਸਾਲ ਤੋਂ ਛੋਟੇ ਬੱਚਿਆਂ ਦੇ 19,378 ਮਾਮਲੇ ਅਤੇ 11 ਤੋਂ 20 ਸਾਲ ਦੇ ਬੱਚਿਆਂ ਦੇ 41,985 ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਿਰਫ 15 ਦਿਨ ਭਾਵ 1 ਤੋਂ 16 ਮਈ 2021 ਦਰਮਿਆਨ 19 ਹਜ਼ਾਰ ਬੱਚੇ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਵਧੇਰੇ ਬੱਚੇ ਜੋ ਕੋਵਿਡ ਤੋਂ ਪੀੜਤ ਹਨ, ਉਨ੍ਹਾਂ ’ਚ ਆਮ ਤੌਰ ’ਤੇ ਹਲਕਾ ਬੁਖਾਰ, ਖੰਘ, ਜੁਕਾਮ, ਸਾਹ ਲੈਣ ’ਚ ਮੁਸ਼ਕਲ, ਭੋਜਨ ਖਾਣ ਸਮੇਂ ਸਵਾਦ ਨਾ ਲੱਗਣਾ, ਸੁੰਘਣ ਦੀ ਸਮਰੱਥਾ ਘੱਟ ਜਾਣੀ, ਥਕਾਵਟ, ਗਲੇ ’ਚ ਖਾਰਿਸ਼, ਮਾਸਪੇਸ਼ੀਆਂ ’ਚ ਦਰਦ ਅਤੇ ਨੱਕ ਵੱਗਣ ਵਰਗੇ ਲੱਛਣ ਸ਼ਾਮਲ ਹਨ।
ਧਰਤੀ ’ਤੇ ਲਾਕਡਾਊਨ; ਕੋਰੋਨਾ ਨਿਯਮਾਂ ਦੀ ਪਰਵਾਹ ਛੱਡ ਜੋੜੇ ਨੇ ਉੱਡਦੇ ਜਹਾਜ਼ ’ਚ ਰਚਾਇਆ ਵਿਆਹ (ਵੀਡੀਓ)
NEXT STORY