ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੂੰ ਇਕ ਪੱਤਰ ਲਿਖਿਆ ਹੈ। ਆਪਣੇ ਪੱਤਰ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ 'ਚ ਪਹਿਲਾਂ ਤੋਂ ਹੀ ਇਕ ਚੰਗੀ ਸਿਹਤ ਯੋਜਨਾ ਲਾਗੂ ਹੈ। ਇਸ ਸਿਹਤ ਯੋਜਨਾ ਨੂੰ ਬੰਦ ਕਰਨ ਤੇ ਦੂਜੀ ਯੋਜਨਾ ਲਾਗੂ ਕਰਨ 'ਚ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜੇਕਰ ਦਿੱਲੀ ਦੀ ਸਿਹਤ ਯੋਜਨਾ ਨੂੰ ਬੰਦ ਕੀਤਾ ਜਾਂਦਾ ਹੈ ਤੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕੀਤੀ ਜਾਂਦਾ ਹੈ ਤਾਂ ਦਿੱਲੀ ਵਾਸੀਆਂ 'ਤੇ ਇਸ ਦਾ ਪ੍ਰਭਾਵ ਪਵੇਗਾ।
ਕੇਜਰੀਵਾਲ ਨੇ ਆਪਣੇ ਪੱਤਰ 'ਚ ਲਿਖਿਆ ਕਿ ਸਤਿਕਾਰਯੋਗ ਡਾ. ਹਰਸ਼ਵਰਧਨ ਜੀ, ਤੁਹਾਨੂੰ 3 ਜੂਨ 2019 ਦਾ ਲਿਖਿਆ ਪੱਤਰ ਮਿਲਿਆ। ਜਿਸ 'ਚ ਤੁਸੀਂ ਦਿੱਲੀ ਸਰਕਾਰ ਤੋਂ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕਰਨ ਲਈ ਕਿਹਾ ਹੈ। ਮੈਨੂੰ ਤੁਹਾਨੂੰ ਦੱਸਣ 'ਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਦਿੱਲੀ 'ਚ ਤਾਂ ਆਯੂਸ਼ਮਾਨ ਭਾਰਤ ਯੋਜਨਾ ਕਾਫੀ ਪਹਿਲਾਂ ਤੋਂ ਹੀ ਲਾਗੂ ਹੋ ਚੁਕੀ ਹੈ। ਦਿੱਲੀ ਸਰਕਾਰ ਦੀ ਸਿਹਤ ਯੋਜਨਾ ਆਯੂਸ਼ਮਾਨ ਭਾਰਤ ਯੋਜਨਾ ਤੋਂ 10 ਗੁਣਾ ਵੱਡੀ ਤੇ ਵਿਆਪਕ ਹੈ। ਦਿੱਲੀ ਸਰਕਾਰ ਦੀ ਯੋਜਨਾ 'ਚ ਉਹ ਸਾਰੀਆਂ ਗੱਲਾਂ ਹਨ ਜੋ ਆਯੂਸ਼ਮਾਨ ਭਾਰਤ ਯੋਜਨਾ 'ਚ ਹਨ, ਬਲਕਿ ਦਿੱਲੀ ਵਾਸੀਆਂ ਲਈ ਹੋਰ ਵੀ ਢੇਰ ਸਾਰੀਆਂ ਸੁਵਿਧਾਵਾਂ ਹਨ।
ਕੇਜਰੀਵਾਲ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤੇ ਦਿੱਲੀ ਸਰਕਾਰ ਦੀ ਸਿਹਤ ਯੋਜਨਾ ਦੀ ਤੁਲਨਾ ਵੀ ਕੀਤੀ ਗਈ ਹੈ। ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦੀ ਯੋਜਨਾ ਨੂੰ ਅਸੀਂ ਹੋਰ ਬਿਹਤਰ ਕਰੀਏ, ਜੇਕਰ ਤੁਹਾਡੀ ਨਜ਼ਰ 'ਚ ਆਯੂਸ਼ਮਾਨ ਭਾਰਤ ਯੋਜਨਾ 'ਚ ਅਜਿਹੀ ਕੋਈ ਗੱਲ ਹੈ, ਜੋ ਦਿੱਲੀ ਦੀ ਸਿਹਤ ਯੋਜਨਾ 'ਚ ਨਹੀਂ ਹੈ ਤਾਂ ਕ੍ਰਿਪਾ ਕਰਕੇ ਦੱਸੋ, ਅਸੀਂ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਨੂੰ ਦਿੱਲੀ ਦੀ ਯੋਜਨਾ 'ਚ ਵੀ ਸ਼ਾਮਲ ਕਰ ਲਵਾਂਗੇ। ਕੇਜਰੀਵਾਲ ਨੇ ਅੱਗੇ ਲਿਖਿਆ ਕਿ ਤੁਸੀਂ ਖੁਦ ਇਕ ਚੰਗੇ ਤੇ ਅਨੁਭਵੀ ਡਾਕਟਰ ਹੋ। ਜੇਕਰ ਤੁਸੀਂ ਵਿਅਕਤੀਗਤ ਰੂਪ ਨਾਲ ਵੀ ਦਿੱਲੀ ਦੀ ਯੋਜਨਾ ਨੂੰ ਸੁਧਾਰਨ ਲਈ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ।
ਊਧਵ ਠਾਕਰੇ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਨਾਲ ਜਾਣਗੇ ਅਯੁੱਧਿਆ
NEXT STORY