ਨੈਸ਼ਨਲ ਡੈਸਕ- ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਲੋਹਾਵਟ ਖੇਤਰ ਅਧੀਨ ਪੈਂਦੇ ਪਿੰਡ ਨੌਸਰ 'ਚ ਇਕ ਖੁੱਲ੍ਹੇ ਪਏ ਬੋਰਵੈੱਲ 'ਚ ਡਿੱਗੇ 9 ਸਾਲਾ ਮਾਸੂਮ ਭੋਮਾਰਾਮ ਦੀ 39 ਘੰਟੇ ਚੱਲੇ ਲੰਬੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਸ਼ਨੀਵਾਰ ਤੜਕੇ 3:30 ਵਜੇ ਮੌਤ ਹੋ ਗਈ। NDRF, SDRF, ਸਥਾਨਕ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਖੇਤ 'ਚ ਮੁਰੰਮਤ ਲਈ ਖੁੱਲ੍ਹੇ ਛੱਡੇ ਬੋਰਵੈੱਲ 'ਚ ਖੇਡਦਿਆਂ ਵੀਰਵਾਰ ਦੁਪਹਿਰ ਕਰੀਬ 12:30 ਵਜੇ ਮਾਸੂਮ ਭੋਮਾਰਾਮ ਹੇਠਾਂ ਡਿੱਗ ਗਿਆ ਸੀ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ 150 ਤੋਂ ਵੱਧ ਅਧਿਕਾਰੀ, ਭਾਰੀ ਜੇਸੀਬੀ ਤੇ ਪੋਕਲੇਨ ਮਸ਼ੀਨਾਂ ਅਤੇ ਜਾਲੌਰ ਤੋਂ ਬੁਲਾਏ ਗਏ ਮਾਧਾਰਾਮ ਸੁਥਾਰ ਦੇ ਦੇਸੀ ਜੁਗਾੜ ਨਾਲ ਕੜੀ ਮੁਸ਼ੱਕਤ ਮਗਰੋਂ ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਭੋਮਾਰਾਮ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਅਨੁਸਾਰ, ਲੰਬੇ ਸਮੇਂ ਤੱਕ ਡੂੰਘਾਈ 'ਚ ਫਸੇ ਰਹਿਣ, ਆਕਸੀਜਨ ਦੀ ਕਮੀ ਅਤੇ ਸਦਮੇ ਕਾਰਨ ਮਾਸੂਮ ਦੀ ਜਾਨ ਚਲੀ ਗਈ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਭੋਮਾਰਾਮ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਹਾਦਸੇ ਨੇ ਖੁੱਲ੍ਹੇ ਬੋਰਵੈੱਲਾਂ ਦੇ ਖ਼ਤਰੇ ਨੂੰ ਇਕ ਵਾਰ ਫ਼ਿਰ ਤੋਂ ਉਜਾਗਰ ਕਰ ਦਿੱਤਾ ਹੈ।
ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤ 'ਚ ਮੌਤ, ਗ੍ਰੇਟਰ ਨੋਇਡਾ 'ਚ ਪਲਾਂ 'ਚ ਉੱਜੜਿਆ ਹੱਸਦਾ-ਖੇਡਦਾ ਪਰਿਵਾਰ
NEXT STORY