ਨਵੀਂ ਦਿੱਲੀ (ਏਜੰਸੀ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਗੁਲਾਮਾਂ ਦੇ ਵਪਾਰ ’ਚ ਆਪਣੀ ਭੂਮਿਕਾ ਲਈ ਬ੍ਰਿਟੇਨ ਵੱਲੋਂ ਮੁਆਫ਼ੀ ਮੰਗਣ ’ਤੇ ਵਿਚਾਰ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਇਸ ਮੁਆਫ਼ੀ ’ਚ ਭਾਰਤ ’ਤੇ ਕੀਤੇ ਗਏ ਬਸਤੀਵਾਦੀ ਅੱਤਿਆਚਾਰਾਂ ਦਾ ਜ਼ਿਕਰ ਨਾ ਹੋਣਾ ਸਮਝ ਤੋਂ ਬਾਹਰ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਐਟਲਾਂਟਿਕ ਪਾਰ ਗੁਲਾਮਾਂ ਦੇ ਵਪਾਰ ’ਚ ਬ੍ਰਿਟੇਨ ਦੀ ਭੂਮਿਕਾ ਲਈ ਰਸਮੀ ਮੁਆਫ਼ੀ ਮੰਗਣ ’ਤੇ ਵਿਚਾਰ ਕਰ ਰਹੀ ਹੈ। ਇਸ ’ਤੇ ਥਰੂਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਗੁਲਾਮੀ ਦੀ ਭਿਆਨਕਤਾ ਲਈ ਮੁਆਫ਼ੀ ਜ਼ਰੂਰੀ ਹੈ, ਪਰ ਬਸਤੀਵਾਦ ਦੇ ਵਿਨਾਸ਼ਕਾਰੀ ਪ੍ਰਭਾਵਾਂ ਲਈ ਵੀ ਬ੍ਰਿਟੇਨ ਨੂੰ ਨੈਤਿਕ ਤੌਰ ’ਤੇ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ।
ਥਰੂਰ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਦੌਰਾਨ ਲੱਖਾਂ ਬੇਕਸੂਰ ਲੋਕਾਂ ਨੂੰ ਲੁੱਟ, ਅੱਤਿਆਚਾਰ ਅਤੇ ਤਬਾਹੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਬ੍ਰਿਟੇਨ ਨੇ ਹੁਣ ਤੱਕ ਇਨ੍ਹਾਂ ਘਟਨਾਵਾਂ ਲਈ ਮੁਆਫ਼ੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਮੁਆਵਜ਼ੇ ਦੀ ਰਕਮ ਤੈਅ ਕਰਨਾ ਮੁਸ਼ਕਲ ਹੋ ਸਕਦਾ ਹੈ ਪਰ ਬਸਤੀਵਾਦੀ ਅੱਤਿਆਚਾਰਾਂ ਲਈ ਮੁਆਫ਼ੀ ਮੰਗਣੀ ਜ਼ਰੂਰੀ ਹੈ।
ਆਮ ਜਨਤਾ ਦੇ ਦਰਸ਼ਨਾਂ ਲਈ ਤਵਾਂਗ 'ਚ ਰੱਖੇ ਗਏ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼
NEXT STORY