ਬੁਲੰਦਸ਼ਹਿਰ - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਨਰੌਰਾ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਈਕੋ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਵੱਡੇ ਰੁੱਖ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 1 ਸਾਲ ਦੀ ਮਾਸੂਮ ਬੱਚੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਲਗਭਗ 2 ਵਜੇ ਰਤਨਪੁਰ ਅਤੇ ਖੇਰੀਆ ਪਿੰਡਾਂ ਵਿਚਕਾਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਸ਼ਿਵ ਮੰਦਰ ਨੇੜੇ ਵਾਪਰਿਆ। ਕਾਰ ਡਿਬਾਈ ਵੱਲੋਂ ਆ ਰਹੀ ਸੀ। ਸਥਾਨਕ ਲੋਕਾਂ ਅਨੁਸਾਰ, ਸੜਕ 'ਤੇ ਇੱਕ ਹਲਕਾ ਮੋੜ ਆਉਣ 'ਤੇ ਤੇਜ਼ ਰਫ਼ਤਾਰ ਕਾਰ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਲਗਭਗ 4 ਮੀਟਰ ਦੂਰ ਖੜ੍ਹੇ ਜਾਮਣ ਦੇ ਰੁੱਖ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ।
ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਸ ਅਤੇ ਰਾਹਤ ਟੀਮਾਂ ਨੇ ਸਾਰੇ 8 ਜਣਿਆਂ ਨੂੰ ਡਿਬਾਈ ਦੇ ਸਮੁਦਾਇਕ ਸਵਾਸਥ ਕੇਂਦਰ (CHC) ਪਹੁੰਚਾਇਆ, ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਲੋਕੇਂਦਰ (28), ਉਸ ਦੀ 1 ਸਾਲਾ ਧੀ ਪ੍ਰਗਤੀ, ਰਾਮਦੀਨ (50), ਬਬੀਤਾ (35) ਅਤੇ ਕਾਰ ਡਰਾਈਵਰ ਸ਼ਿਵਸ਼ੰਕਰ ਮਿਸ਼ਰਾ (55) ਵਜੋਂ ਹੋਈ ਹੈ। ਰਾਮਦੀਨ, ਲੋਕੇਂਦਰ ਦੇ ਪਿਤਾ ਅਤੇ ਬੱਚੀ ਦੇ ਦਾਦਾ ਸਨ।
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕੇਂਦਰ ਦੀ ਪਤਨੀ ਲਲਿਤ (20), ਪ੍ਰਤੀਕ (4) ਅਤੇ ਅਨੀਕਾ (11) ਨੂੰ ਮੁੱਢਲੇ ਇਲਾਜ ਤੋਂ ਬਾਅਦ ਅਲੀਗੜ੍ਹ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਪਜ਼ਿਲ੍ਹਾ ਅਧਿਕਾਰੀ (SDM) ਰਵਿਕਾਂਤ ਚੌਬੇ ਅਤੇ ਖੇਤਰੀ ਅਧਿਕਾਰੀ (CO) ਮਧੂਪ ਸਿੰਘ ਨੇ ਹਸਪਤਾਲ ਅਤੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ ਅਮਰੀਕਾ : ਰਣਧੀਰ ਜਾਇਸਵਾਲ
NEXT STORY