ਨਾਰਾਇਣਪੁਰ/ਦੰਤੇਵਾੜਾ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਸ਼ਨੀਵਾਰ ਸਵੇਰੇ ਮੁਕਾਬਲੇ 'ਚ ਮਾਰੇ ਗਏ ਤਿੰਨ ਹੋਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਸ ਨਾਲ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਅਬੂਝਮਾੜ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਭਿਆਨਕ ਮੁਕਾਬਲਾ ਹੋਇਆ। ਸੁਰੱਖਿਆ ਬਲਾਂ ਨੇ ਦੇਰ ਰਾਤ ਤੱਕ 28 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਬਸਤਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਅੱਜ ਸਵੇਰੇ ਤਿੰਨ ਹੋਰ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸੁੰਦਰਰਾਜ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀ ਗਿਣਤੀ 31 ਹੋ ਗਈ ਹੈ। ਨਕਸਲੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਉਹ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਕੰਪਨੀ ਨੰਬਰ-6, ਪਲਾਟੂਨ 16 ਅਤੇ ਮਾਓਵਾਦੀਆਂ ਦੇ ਪੂਰਬੀ ਬਸਤਰ ਡਿਵੀਜ਼ਨ ਦੇ ਸਨ। ਸੁੰਦਰਰਾਜ ਨੇ ਕਿਹਾ ਕਿ ਇਸ ਬਾਰੇ ਜਾਣਕਾਰੀ ਮਿਲੀ ਸੀ ਦੰਤੇਵਾੜਾ ਜ਼ਿਲ੍ਹੇ ਦੇ ਬਾਰਸੂਰ ਥਾਣਾ ਖੇਤਰ ਅਤੇ ਨਰਾਇਣਪੁਰ ਜ਼ਿਲ੍ਹੇ ਦੇ ਓਰਛਾ ਥਾਣਾ ਖੇਤਰ ਦੇ ਅਧੀਨ ਗਵਾੜੀ, ਥੁਲਥੁਲੀ, ਨੇਂਦੂਰ ਅਤੇ ਰੇਂਗਵਾਯਾ ਪਿੰਡਾਂ ਦੇ ਵਿਚਕਾਰ ਪਹਾੜੀ 'ਤੇ ਮਾਓਵਾਦੀਆਂ ਦੀ ਕੰਪਨੀ ਨੰਬਰ-6 ਅਤੇ ਪੂਰਬੀ ਬਸਤਰ ਡਿਵੀਜ਼ਨ ਆਦਿ ਦੇ ਨਕਸਲੀਆਂ ਦੀ ਮੌਜੂਦਗੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਵੀਰਵਾਰ ਦੁਪਹਿਰ ਬਾਅਦ ਡੀ. ਆਰ. ਜੀ ਅਤੇ ਸਪੈਸ਼ਲ ਟਾਸਕ ਫੋਰਸ (STF) ਦੇ ਜਵਾਨਾਂ ਦੀ ਇਕ ਸਾਂਝੀ ਟੀਮ ਨੂੰ ਦੰਤੇਵਾੜਾ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਤੋਂ ਰਵਾਨਾ ਕੀਤਾ ਗਿਆ।
ਸ਼ੁੱਕਰਵਾਰ ਨੂੰ ਜਦੋਂ ਸੁਰੱਖਿਆ ਬਲ ਇਲਾਕੇ 'ਚ ਸਨ ਤਾਂ ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ। ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ 28 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਛੱਤੀਸਗੜ੍ਹ ਦੇ ਗਠਨ ਦੇ 24 ਸਾਲ ਬਾਅਦ ਸੁਰੱਖਿਆ ਬਲਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਹੈ ਜਦੋਂ ਇਕ ਹੀ ਮੁਕਾਬਲੇ 'ਚ 31 ਨਕਸਲੀ ਮਾਰੇ ਗਏ ਹਨ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਕਾਂਕੇਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 29 ਨਕਸਲੀ ਮਾਰੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਸੂਬਾ ਪੁਲਸ ਦਾ ਇਕ ਜ਼ਿਲ੍ਹਾ ਰਿਜ਼ਰਵ ਗਾਰਡ (DRG) ਜਵਾਨ ਉਸ ਸਮੇਂ ਜ਼ਖਮੀ ਹੋ ਗਿਆ ਜਦੋਂ ਮਾਓਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ ਇਕ ਅੰਡਰ ਬੈਰਲ ਗ੍ਰੇਨੇਡ ਲਾਂਚਰ (BGL) ਸ਼ੈੱਲ ਮੁਕਾਬਲੇ ਦੌਰਾਨ ਫਟ ਗਿਆ।
ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਨੇ ਸਫਲ ਆਪ੍ਰੇਸ਼ਨ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਹੈ ਕਿ 'ਡਬਲ ਇੰਜਣ' ਵਾਲੀ ਸਰਕਾਰ (ਸੂਬੇ ਅਤੇ ਕੇਂਦਰ ਦੀ ਭਾਜਪਾ ਸਰਕਾਰ) ਨਕਸਲੀ ਖਤਰੇ ਨੂੰ ਖਤਮ ਕਰਨ ਲਈ ਦ੍ਰਿੜ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਤੋਂ ਬਾਅਦ ਇਸ ਸਾਲ ਹੁਣ ਤੱਕ ਸੁਰੱਖਿਆ ਬਲਾਂ ਨੇ ਦੰਤੇਵਾੜਾ ਅਤੇ ਨਾਰਾਇਣਪੁਰ ਸਮੇਤ ਸੱਤ ਜ਼ਿਲ੍ਹਿਆਂ ਵਾਲੇ ਬਸਤਰ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਵਿਚ 188 ਮਾਓਵਾਦੀਆਂ ਨੂੰ ਮਾਰ ਦਿੱਤਾ ਹੈ।
ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਅਸਫ਼ਲ, 2 ਅੱਤਵਾਦੀ ਢੇਰ
NEXT STORY