ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਕ ‘ਸੰਨਿਆਸੀ’ ਹਨ, ਇਸ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨਾਲ ਸਟੇਜ ਸਾਂਝੀ ਨਹੀਂ ਕਰਦੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਉਨ੍ਹਾਂ ਦੀਆਂ ਸਿਆਸੀ ਯੋਜਨਾਵਾਂ ਤੋਂ ਗਾਇਬ ਹਨ। ਅਸਲ ’ਚ ਯੂ. ਪੀ. ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ’ਚ ਔਰਤਾਂ ਇਕ ਅਹਿਮ ਕਾਰਕ ਜਾਪਦੀਆਂ ਹਨ। ਸੂਬਾ ਸਰਕਾਰ ਨੇ ਔਰਤਾਂ ਨੂੰ ਇਕ ਵੱਖਰੇ ਚੋਣ ਖੇਤਰ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਲਈ ਵਿਸ਼ੇਸ਼ ਤੌਰ ’ਤੇ ਯੋਜਨਾਵਾਂ ਸ਼ੁਰੂ ਕੀਤੀਆਂ ਹਨ।
ਹਾਲਾਂਕਿ, ਹੋਰ ਪਾਰਟੀਆਂ ਵੀ ‘ਅੱਧੀ ਆਬਾਦੀ’ ਨੂੰ ਲੁਭਾਉਣ ’ਚ ਪਿੱਛੇ ਨਹੀਂ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਜਯੰਤ ਚੌਧਰੀ ਦੀ ਪਤਨੀ ਚਾਰੂ ਚੌਧਰੀ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਡਿੰਪਲ ਪਹਿਲਾਂ ਹੀ ਕਈ ਵਾਰ ਲੋਕ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਕਈ ਹੋਰ ਮਹਿਲਾ ਨੇਤਰੀਆਂ ਵੀ ਵਧੇਰੇ ਵਿਖਾਈ ਦੇ ਰਹੀਆਂ ਹਨ। ਬਸਪਾ ਮੁਖੀ ਮਾਇਆਵਤੀ ਕਥਿਤ ਤੌਰ ’ਤੇ ਆਪਣੇ ਭਤੀਜਿਆਂ ਆਕਾਸ਼ ਤੇ ਈਸ਼ਾਨ ਆਨੰਦ ਤੋਂ ਅੱਗੇ ਵੇਖ ਰਹੀ ਹੈ। ਨਾਲ ਹੀ ਆਪਣੀ ਭਤੀਜੀ ਦੀਪਿਕਾ ਨੂੰ ਆਪਣੇ ਭਰਾਵਾਂ ਨਾਲ ਸਿਆਸੀ ਸੁਰਖੀਆਂ ’ਚ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਅਪਨਾ ਦਲ ਦੇ 2 ਧੜੇ ਇਕ ਵਾਰ ਫਿਰ ਚੋਣ ਮੈਦਾਨ ’ਚ ਆਹਮੋ-ਸਾਹਮਣੇ ਹੋਣਗੇ। ਅਨੁਪ੍ਰਿਆ ਪਟੇਲ ਤੇ ਪੱਲਵੀ ਪਟੇਲ ਆਪਣੀਆਂ-ਆਪਣੀਆਂ ਪਾਰਟੀਆਂ ’ਚ ਪ੍ਰਮੁੱਖ ਮਹਿਲਾ ਹਸਤੀਆਂ ਬਣ ਜਾਣਗੀਆਂ।
ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਭਾਵੇਂ ਵਾਇਨਾਡ ਤੋਂ ਸੰਸਦ ਮੈਂਬਰ ਹੈ ਪਰ ਉਹ ਯੂ. ਪੀ. ਦੀ ਮੁਹਿੰਮ ’ਚ ਵੀ ਸਰਗਰਮ ਹੈ। ਇਸ ਦੌਰਾਨ ਭਾਜਪਾ ਦੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਵੱਲੋਂ ਵੀ ਮੁੱਖ ਭੂਮਿਕਾ ਨਿਭਾਉਣ ਦੀ ਉਮੀਦ ਹੈ, ਜਿਸ ਤੋਂ ਸੰਕੇਤ ਮਿਲਦੇ ਹਨ ਕਿ ਉਹ ਇਕ ਵਾਰ ਫਿਰ ਅਮੇਠੀ ਤੇ ਰਾਏਬਰੇਲੀ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦ੍ਰਿਤ ਕਰ ਸਕਦੀ ਹੈ।
ਇਸ ਤਰ੍ਹਾਂ ਯੂ. ਪੀ. ਦੀ ਮੁਹਿੰਮ ’ਚ ਚੋਟੀ ਦੇ ਮਰਦ ਉਮੀਦਵਾਰਾਂ ਦੀ ਰਵਾਇਤੀ ਲੜਾਈ ਦੇ ਨਾਲ-ਨਾਲ ਔਰਤਾਂ ਦੇ ਵੀ ਮਜ਼ਬੂਤ ਸਿਆਸੀ ਮੁਕਾਬਲੇ ਵੇਖਣ ਨੂੰ ਮਿਲਣ ਦੀ ਸੰਭਾਵਨਾ ਹੈ।
ਮਨੀ ਲਾਂਡਰਿੰਗ ਮਾਮਲਾ, ਸਪਾ ਆਗੂ ਆਜ਼ਮ ਖ਼ਾਨ ਤੋਂ ED ਨੇ ਕੀਤੀ ਪੁੱਛਗਿੱਛ
NEXT STORY