ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਮੇਅਰ ਨਰੇਸ਼ ਮਹਸਕੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ-19 ਰੋਕੂ ਟੀਕੇ ਦੀ ਇਕ ਵੀ ਖ਼ੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਠਾਣੇ ਨਗਰ ਨਿਗਮ (ਟੀ. ਐੱਮ. ਸੀ.) ਵਲੋਂ ਸੰਚਾਲਤ ਬੱਸਾਂ ’ਚ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਐਲਾਨ ਠਾਣੇ ਨਗਰ ਨਿਗਮ ਦੇ ਇਸ ਬਿਆਨ ਦੇ ਕੁਝ ਦਿਨਾਂ ਬਾਅਦ ਹੋਇਆ ਹੈ ਕਿ ਜਿਨ੍ਹਾਂ ਕਾਮਿਆਂ ਨੇ ਟੀਕੇ ਦੀ ਇਕ ਵੀ ਖ਼ੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਟੀਕਾ ਨਾ ਲਗਵਾਉਣ ਵਾਲਿਆਂ ’ਤੇ ਸਖ਼ਤੀ, ਟੀਕਾਕਰਨ ਨਹੀਂ ਤਾਂ ਤਨਖ਼ਾਹ ਵੀ ਨਹੀਂ
ਮੇਅਰ ਦੇ ਹਵਾਲੇ ਤੋਂ ਇਕ ਬਿਆਨ ਵਿਚ ਕਿਹਾ ਗਿਆ ਕਿ ਨਵੰਬਰ ਦੇ ਅਖ਼ੀਰ ਤੱਕ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਉਪਾਵਾਂ ਨੂੰ ਅਪਣਾਉਣਾ ਜ਼ਰੂਰੀ ਹੋ ਗਿਆ ਹੈ। ਟੀ. ਐੱਮ. ਸੀ. ਨੇ ਟੀਕਾ ਲਗਵਾ ਚੁੱਕੇ ਨਾਗਰਿਕਾਂ ਦਾ ਘਰ-ਘਰ ਜਾ ਕੇ ਸਰਵੇ ਸ਼ੁਰੂ ਕੀਤਾ ਸੀ। ਨਗਰ ਵਲੋਂ ਸੰਚਾਲਤ ਬੱਸਾਂ ’ਚ ਯਾਤਰਾ ਕਰਨ ਵਾਲਿਆਂ ਨੂੰ ਆਪਣੇ ਨਾਲ ਟੀਕਾਕਰਨ ਦਾ ਸਰਟੀਫ਼ਿਕੇਟ ਜਾਂ ਮੈਡੀਕਲ ਯਾਤਰਾ ਪਾਸ ਲੈ ਕੇ ਜਾਣਾ ਜ਼ਰੂਰੀ ਹੈ, ਨਹੀਂ ਤਾਂ ਉਨ੍ਹਾਂ ਨੂੰ ਬੱਸਾਂ ’ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’
ਦੱਸ ਦੇਈਏ ਕਿ ਠਾਣੇ ਜ਼ਿਲ੍ਹੇ ਵਿਚ ਸ਼ੁੱਕਰਵਾਰ ਤੱਕ 86,00,118 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਟੀ. ਐੱਮ. ਸੀ. ਵਲੋਂ ਉਪਲੱਬਧ ਕਰਵਾਏ ਗਏ ਅੰਕੜਿਆਂ ਮੁਤਾਬਕ ਉਨ੍ਹਾਂ ’ਚੋਂ ਕੁੱਲ 56,00,856 ਨੂੰ ਪਹਿਲੀ ਅਤੇ 29,99,262 ਨੂੰ ਦੂਜੀ ਖ਼ੁਰਾਕ ਮਿਲ ਚੁੱਕੀ ਹੈ। ਠਾਣੇ ਨਗਰ ਨਿਗਮ ਨੇ ਕਿਹਾ ਸੀ ਕਿ ਜਿਨ੍ਹਾਂ ਕਾਮਿਆਂ ਨੇ ਤੈਅ ਸਮੇਂ ਦੇ ਅੰਦਰ ਆਪਣੀ ਦੂਜੀ ਖ਼ੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਵੀ ਤਨਖ਼ਾਹ ਨਹੀਂ ਮਿਲੇਗੀ।
ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨੇ PM ਮੋਦੀ ਨਾਲ ਕੀਤੀ ਮੁਲਾਕਾਤ
NEXT STORY