ਜਲੰਧਰ/ਨਵੀਂ ਦਿੱਲੀ (ਵਿਸ਼ੇਸ਼)- 90 ਦੇ ਦਹਾਕੇ ’ਚ ਦਿੱਲੀ 'ਚ ਗੈਂਗਸਟਰਾਂ ਦਰਮਿਆਨ ਸ਼ੁਰੂ ਹੋਇਆ ਖ਼ੂਨ-ਖਰਾਬਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕਦੇ ਸੜਕਾਂ ’ਤੇ ਤਾਂ ਕਦੇ ਅਦਾਲਤਾਂ 'ਚ ਗੋਲੀਆਂ ਚੱਲ ਰਹੀਆਂ ਹਨ। ਹੁਣ ਤਿਹਾੜ ਜੇਲ੍ਹ, ਜਿੱਥੇ ਪਹਿਰਾ ਇੰਨਾ ਸਖ਼ਤ ਹੁੰਦਾ ਹੈ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਹੁਣ ਵਿਚ ਸ਼ਰੇਆਮ ਕਤਲ ਹੋਣ ਲੱਗੇ ਹਨ। ਹਾਲ ਹੀ ਵਿਚ ਸੁਨੀਲ ਬਾਲਿਆਨ ਉਰਫ ਟਿੱਲੂ ਤਾਜਪੁਰੀਆ ਦਾ ਤਿਹਾੜ ਜੇਲ੍ਹ ’ਚ ਹੋਇਆ ਕਤਲ ਇਸ ਦੀ ਤਾਜ਼ਾ ਮਿਸਾਲ ਹੈ। ਟਿੱਲੂ ਤਾਜਪੁਰੀਆ ਸਤੰਬਰ 2021 ਦੇ ਰੋਹਿਣੀ ਕੋਰਟ ਸ਼ੂਟਆਊਟ ਮਾਮਲੇ ਦਾ ਮੁੱਖ ਮੁਲਜ਼ਮ ਸੀ, ਜਿੱਥੇ 2 ਵਿਅਕਤੀਆਂ ਨੇ ਤਾਜਪੁਰੀਆ ਦੇ ਕੱਟੜ ਵਿਰੋਧੀ ਜਤਿੰਦਰ ਮਾਨ ਉਰਫ ਗੋਗੀ ਨੂੰ ਗੋਲੀ ਮਾਰ ਦਿੱਤੀ ਸੀ, ਜੋ ਗੋਗੀ ਗਿਰੋਹ ਦਾ ਤੱਤਕਾਲੀਨ ਸਰਗਣਾ ਸੀ। ਗੋਗੀ ’ਤੇ 20 ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ। ਗੋਗੀ ਕਤਲਕਾਂਡ ਦੀ ਜ਼ਿੰਮੇਵਾਰੀ ਮਕੋਕਾ ਤਹਿਤ ਤਿਹਾੜ ਜੇਲ੍ਹ ’ਚ ਬੰਦ ਟਿੱਲੂ ਤਾਜਪੁਰੀਆ ਨੇ ਲਈ ਸੀ।
ਉਸ ਵੇਲੇ ਤੋਂ ਗੋਗੀ ਗੈਂਗ ਆਪਣੇ ਸਰਗਣਾ ਗੋਗੀ ਦੇ ਕਤਲ ਦਾ ਬਦਲਾ ਲੈਣ ਦੀ ਤਾਕ ’ਚ ਸੀ। ਹੁਣ ਬਦਲਾ ਲੈਣ ਦੀ ਵਾਰੀ ਟਿੱਲੂ ਗੈਂਗ ਦੀ ਹੈ ਅਤੇ ਇਹ ਵਾਰੀ-ਵਾਰੀ ਚੱਲਣ ਵਾਲੀ ਖੇਡ ਹੈ, ਜੋ ਬੰਦ ਨਹੀਂ ਹੁੰਦੀ। ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਗੋਗੀ ਦੇ ਕਤਲ ਦੇ ਬਾਅਦ ਤੋਂ ਸਥਾਨਕ ਪੁਲਸ ਦੇ ਨਾਲ ਹੀ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਦੀ ਇਕ ਟੀਮ ਟਿੱਲੂ ਤਾਜਪੁਰੀਆ ਦੀ ਕੋਰਟ ’ਚ ਪੇਸ਼ੀ ਅਤੇ ਮੈਡੀਕਲ ਜਾਂਚ ਵੇਲੇ ਨਾਲ ਰਹਿੰਦੀ ਸੀ, ਜਿਸ ਨਾਲ ਉਸ ਉੱਪਰ ਬਾਹਰ ਹਮਲਾ ਕਰਨਾ ਮੁਸ਼ਕਲ ਸੀ ਪਰ ਉਸ ਨੂੰ ਇਕੱਲਾ ਜੇਲ੍ਹ ਵਿਚ ਫੜਨਾ ਸੌਖਾ ਸੀ। ਜੇਲ੍ਹ ਅੰਦਰ ਕਤਲ ਨਾਲ ਕਿਸੇ ਵੀ ਗਿਰੋਹ ਨੂੰ 2 ਸੰਭਾਵਿਤ ਲਾਭ ਹੁੰਦੇ ਹਨ। ਇਸ ਨਾਲ ਗਿਰੋਹ ਦਾ ਜੇਲ੍ਹ ਦੇ ਅੰਦਰ ਤੇ ਬਾਹਰ ਡਰ ਤੇ ਦਬਦਬਾ ਵਧਦਾ ਹੈ।
ਗੈਂਗਸਟਰ ਟਿੱਲੂ ਤਾਜਪੁਰੀਆ ਤੇ ਗੋਗੀ ਗੈਂਗ ਦਰਮਿਆਨ ਖੂਨ-ਖਰਾਬੇ ਦੀ ਖੇਡ ਕੋਈ ਨਵੀਂ ਗੱਲ ਨਹੀਂ। ਦਿੱਲੀ ’ਚ ਬਹੁਤ ਸਾਰੇ ਅਜਿਹੇ ਗੈਂਗ ਹਨ, ਜੋ ਆਪਸ ’ਚ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਕਈ ਗੈਂਗਸਟਰ ਬਾਹਰਲੇ ਇਲਾਕਿਆਂ ’ਚੋਂ ਦਿੱਲੀ ਵਿਚ ਆ ਕੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਹਨ। ਹਾਲਾਤ ਇਹ ਹਨ ਕਿ ਗੈਂਗਵਾਰ ’ਚ 14-14, 16-16 ਸਾਲ ਦੇ ਮੁੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਮੁੰਡੇ ਗੈਂਗਸਟਰਾਂ ਦੀ ਪੂਜਾ ਤਕ ਕਰਦੇ ਹਨ ਅਤੇ ਜੇ ਇਨ੍ਹਾਂ ਹੱਥੋਂ ਕੋਈ ਕਤਲ ਹੋ ਵੀ ਜਾਵੇ ਤਾਂ ਨਾਬਾਲਗ ਹੋਣ ਕਾਰਨ ਇਨ੍ਹਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ। ਦਹਾਕਿਆਂ ਪੁਰਾਣੀ ਗੈਂਗਵਾਰ ’ਚ ਹਰ ਕੋਈ ਦਿੱਲੀ ਦਾ ਡੌਨ ਬਣਨਾ ਚਾਹੁੰਦਾ ਹੈ।
90 ਦੇ ਦਹਾਕੇ ਤੋਂ ਚੱਲਦੀ ਆ ਰਹੀ ਹੈ ਗੈਂਗਵਾਰ
ਤਾਜਪੁਰੀਆ ਦੇ ਤਿਹਾੜ ਜੇਲ੍ਹ ਵਿਚ ਕਤਲ ਨੇ ਦਿੱਲੀ ਦੇ ਛੋਟੇ ਪਰ ਖੂਨੀ ਇਤਿਹਾਸ ਵੱਲ ਧਿਆਨ ਖਿੱਚਿਆ ਹੈ। ਕ੍ਰਾਈਮ ਬ੍ਰਾਂਚ ਦੇ ਪੁਲਸ ਅਫਸਰਾਂ ਮੁਤਾਬਕ ਕੌਮੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ 1990 ਦਾ ਦਹਾਕਾ ਸ਼ੁਰੂ ਹੋਣ ਤੋਂ ਹੀ ਵੱਖ-ਵੱਖ ਗਿਰੋਹਾਂ ਦਰਮਿਆਨ ਖੂਨੀ ਜੰਗ ਵੇਖੀ ਜਾ ਰਹੀ ਹੈ। ਜਬਰੀ ਵਸੂਲੀ ਤੋਂ ਲੈ ਕੇ ਸ਼ਰਾਬ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਕਤਲ ਤਕ ਦੀਆਂ ਅਪਰਾਧਕ ਸਰਗਰਮੀਆਂ ’ਤੇ ਹਾਵੀ ਹੋਣ ਦੀ ਲੜਾਈ ਵਿਚ ਉਨ੍ਹਾਂ ਨੇ ਗਿਰੋਹ ਦੇ ਮੈਂਬਰਾਂ, ਪਰਿਵਾਰ ਤੇ ਕਈ ਬੇਗੁਨਾਹਾਂ ਨੂੰ ਮਾਰ ਦਿੱਤਾ ਹੈ। ਗੈਂਗਸਟਰਾਂ ਦਰਮਿਆਨ ਖੂਨੀ ਜੰਗ ’ਚ ਨਾਗਰਿਕ ਫਸ ਕੇ ਰਹਿ ਗਏ ਹਨ। ਕਾਰੋਬਾਰੀ, ਬਿਲਡਰ ਤੇ ਸਟੋਰੀਏ, ਸਾਰੇ ਉਨ੍ਹਾਂ ਦੇ ਤਰਸ ’ਤੇ ਹਨ ਕਿਉਂਕਿ ਪੈਸਾ ਗਿਰੋਹਾਂ ਲਈ ਆਪਣਾ ਪ੍ਰਭਾਵ ਤੇ ਡਰ ਵਧਾਉਣ ਦਾ ਮਾਧਿਅਮ ਹੈ।
ਗੈਂਗਵਾਰ ਦੀ ਸ਼ੁਰੂਆਤ 1990 ’ਚ ਕ੍ਰਿਸ਼ਨ ਪਹਿਲਵਾਨ ਤੇ ਅਨੂਪ-ਬਲਰਾਜ ਦਰਮਿਆਨ ਹੋਈ, ਜੋ 2000 ਦੇ ਦਹਾਕੇ ਤਕ ਚੱਲਦੀ ਰਹੀ। 2 ਗਿਰੋਹਾਂ ਨੇ ਦੁਆਰਕਾ ਤੇ ਨਜਫਗੜ੍ਹ ਇਲਾਕਿਆਂ ਵਿਚ ਦਬਦਬੇ ਲਈ ਲੜਾਈ ਲੜੀ ਅਤੇ ਉਨ੍ਹਾਂ ਦੀ ਦੁਸ਼ਮਣੀ ਨੇ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਗਿਰੋਹਾਂ ਦਰਮਿਆਨ ਉਸ ਵੇਲੇ ਖੂਨੀ ਖੇਡ ਸ਼ੁਰੂ ਹੁੰਦੀ ਹੈ, ਜਦੋਂ ਇਕ ਇਲਾਕੇ ਵਿਚ ਇਕ ਤੋਂ ਵੱਧ ਗਿਰੋਹ ਹੁੰਦੇ ਹਨ। ਉਹ ਸ਼ਹਿਰ ਦੇ ਦੂਜੇ ਇਲਾਕਿਆਂ ਦੇ ਗਿਰੋਹਾਂ ਨਾਲ ਗਠਜੋੜ ਕਰਦੇ ਹਨ, ਜਿਨ੍ਹਾਂ ’ਤੇ ਉਹ ਕਬਜ਼ਾ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਤਾਜਪੁਰੀਆ ਵਰਗੇ ਕਈ ਲੋਕਾਂ ਦਾ ਨਾਂ ਉਨ੍ਹਾਂ ਦੇ ਪਿੰਡ ਦੇ ਨਾਂ ’ਤੇ ਰੱਖਿਆ ਗਿਆ ਹੈ। ਜ਼ਿਆਦਾਤਰ ਗਿਰੋਹ ਹੁਣ ਵੱਡੇ ਅੰਤਰਰਾਜੀ ਸਿੰਡੀਕੇਟ ਦਾ ਪੱਖ ਲੈ ਚੁੱਕੇ ਹਨ।
ਇਹ ਗਿਰੋਹ ਇਸ ਸਿਧਾਂਤ ’ਤੇ ਕੰਮ ਕਰਦੇ ਹਨ-‘‘ਤੁਹਾਡੇ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ ਹੈ।’’ ਅਧਿਕਾਰੀਆਂ ਅਨੁਸਾਰ 2 ਪ੍ਰਮੁੱਖ ਸਿੰਡੀਕੇਟ ਪੰਜਾਬ ਦੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਗਵਾਈ ਹੇਠ ਹਨ, ਜਿਨ੍ਹਾਂ ਨੇ ਹੁਣ ਗੋਗੀ ਗਿਰੋਹ ਨੂੰ ਆਪਣੇ ਪਾਲੇ ’ਚ ਲੈ ਲਿਆ ਹੈ ਅਤੇ ਕੌਮੀ ਰਾਜਧਾਨੀ ਦੇ ਨੀਰਜ ਬਵਾਨਾ ਕੋਲ ਟਿੱਲੂ ਦੇ ਸੈਨਿਕ ਹਨ। ਗਠਜੋੜ ਸਿਰਫ ਉਸ ਵੇਲੇ ਤਕ ਮੰਨਣਯੋਗ ਹੈ ਜਦੋਂ ਤਕ ਕਿ ਹਰੇਕ ਦਾ ਹਿੱਤ ਪਰੋਸਿਆ ਜਾਂਦਾ ਹੈ। ਇੱਥੇ ਕੋਈ ਵਿਚਾਰਕ ਵਫਾਦਾਰੀ ਨਹੀਂ ਹੈ। ਇਹ ਸਭ ਪਾਵਰ ਤੇ ਨੈੱਟਵਰਕ ਵਧਾਉਣ ਲਈ ਹੈ ਅਤੇ ਇਸ ਨਾਲੋਂ ਵੀ ਅਹਿਮ ਹੋਂਦ ਲਈ ਹੈ। ਬਾਹਰਲੇ ਗੈਂਗਸਟਰ ਦਿੱਲੀ-ਐੱਨ. ਸੀ. ਆਰ. ਵਿਚ ਦਾਖਲ ਹੋਣਾ ਚਾਹੁੰਦੇ ਹਨ, ਜਦੋਂਕਿ ਦਿੱਲੀ ਦੇ ਗਿਰੋਹ ਆਪਣੇ ਨੈੱਟਵਰਕ ਬਾਹਰ ਫੈਲਾਉਣਾ ਚਾਹੁੰਦੇ ਹਨ।
ਟਿੱਲੂ ਤਾਜਪੁਰੀਆ ਤੇ ਗੋਗੀ ਦਰਮਿਆਨ ਇੰਝ ਸ਼ੁਰੂ ਹੋਈ ਖੂਨੀ ਖੇਡ
ਕਦੇ ਟਿੱਲੂ ਤਾਜਪੁਰੀਆ ਤੇ ਜਤਿੰਦਰ ਮਾਨ ਉਰਫ ਗੋਗੀ ਜਿਗਰੀ ਯਾਰ ਹੁੰਦੇ ਸਨ। ਦਿੱਲੀ ਦੇ ਨੇੜੇ ਹੀ ਸਥਿਤ ਪਿੰਡ ਤਾਜਪੁਰ ਦੇ ਰਹਿਣ ਵਾਲੇ ਸੁਨੀਲ ਬਾਲਿਆਨ ਉਰਫ ਟਿੱਲੂ ਤਾਜਪੁਰੀਆ ਨੂੰ ਬਚਪਨ ਤੋਂ ਹੀ ਪਹਿਲਵਾਨੀ ਦਾ ਸ਼ੌਕ ਸੀ। ਗ੍ਰਾਮ ਅਖਾੜਾ (ਕੁਸ਼ਤੀ ਸੰਸਥਾਨ) ਤੇ ਛਤਰਸਾਲ ਸਟੇਡੀਅਮ ’ਚ ਅਭਿਆਸ ਕਰਦਿਆਂ ਉਹ ਸੂਬਾ ਪੱਧਰ ਤਕ ਪਹੁੰਚ ਗਿਆ ਸੀ ਅਤੇ ਕੌਮੀ ਪੱਧਰ ’ਤੇ ਨਾਂ ਕਮਾਉਣਾ ਚਾਹੁੰਦਾ ਸੀ ਪਰ ਹਾਲਾਤ ਨੇ ਉਸ ਨੂੰ ਇਕ ਖੂਨੀ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਕਦੇ ਇਕ-ਦੂਜੇ ਨੂੰ ਸਕੇ ਭਰਾ ਕਹਿਣ ਵਾਲੇ ਟਿੱਲੂ ਤਾਜਪੁਰੀਆ ਤੇ ਜਤਿੰਦਰ ਮਾਨ ਉਰਫ ਗੋਗੀ ਖੁਦ ਕਦੇ ਸਿਆਸਤ ਵਿਚ ਨਹੀਂ ਆਉਣਾ ਚਾਹੁੰਦੇ ਸਨ ਪਰ ਵਿਦਿਆਰਥੀ ਸੰਘ ਦੀ ਚੋਣ ਵਿਚ ਵੱਖ-ਵੱਖ ਉਮੀਦਵਾਰਾਂ ਦਾ ਸਮਰਥਨ ਕਰਦੇ ਹੋਏ ਦੋਵੇਂ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਗਏ।
ਇਸ ਵਿਚਾਲੇ 2013 ’ਚ ਤਾਜਪੁਰ ਕਲਾਂ ਤੋਂ ਲਗਭਗ 8 ਕਿਲੋਮੀਟਰ ਦੂਰ ਗੋਗੀ ਦੇ ਪਿੰਡ ਅਲੀਪੁਰ ਦੀ ਇਕ ਔਰਤ ਨਾਲ ਸਬੰਧ ਹੋਣ ’ਤੇ ਗੋਗੀ ਗੈਂਗ ਨੇ ਟਿੱਲੂ ਤਾਜਪੁਰੀਆ ਦੇ ਦੋਸਤ ਰਾਜੂ ਤਾਜਪੁਰ ਦਾ ਕਤਲ ਕਰ ਦਿੱਤਾ ਸੀ, ਜੋ ਕਿ ਇਕ ਦਹਾਕੇ ਤੋਂ ਚੱਲ ਰਹੀ ਖੂਨੀ ਖੇਡ ’ਚ ਪਹਿਲਾ ਕਤਲ ਸੀ। ਉਸ ਵੇਲੇ ਤੋਂ ਸ਼ੁਰੂ ਹੋਇਆ ਖੂਨ-ਖਰਾਬਾ ਅਜੇ ਤਕ ਬੰਦ ਨਹੀਂ ਹੋਇਆ। ਦੋਵਾਂ ਧਿਰਾਂ ਦੇ 40 ਤੋਂ ਵੱਧ ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।
ਅੱਲ੍ਹੜਾਂ ’ਚ ਗੈਂਗਸਟਰ ਬਣਨ ਦੀ ਬੇਚੈਨੀ
ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕਹਿੰਦੇ ਹਨ ਕਿ ਦਿੱਲੀ ਤੋਂ ਬਾਹਰ ਦੇ ਇਲਾਕਿਆਂ ਵਿਚ ਰਹਿਣ ਵਾਲੇ 14 ਤੋਂ 16 ਸਾਲ ਦੇ ਅੱਲ੍ਹੜਾਂ ’ਚ ਸ਼ੌਕ ਤੇ ਨਾਂ ਕਮਾਉਣ ਲਈ ਗੈਂਗਸਟਰ ਬਣਨ ਦੀ ਬੇਚੈਨੀ ਵੇਖੀ ਜਾ ਰਹੀ ਹੈ। ਇਹ ਅੱਲ੍ਹੜ ਆਪਣੇ ਇਲਾਕੇ ਦੇ ਗੈਂਗ ਲੀਡਰਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਹਰ ਕੋਈ ਉੱਥੇ ਭਾਈ (ਡੌਨ) ਬਣਨਾ ਚਾਹੁੰਦਾ ਹੈ। ਲੜਾਈ ਦਾ ਰਿਵਾਜ ਸ਼ੁਰੂ ਹੋ ਜਾਂਦਾ ਹੈ ਅਤੇ ਗੈਂਗਸਟਰਾਂ ਲਈ ਨਾਬਾਲਗ ਮੁੰਡਿਆਂ ਤੋਂ ਕੰਮ ਕਰਵਾਉਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ। ਘੱਟ ਉਮਰ ’ਚ ਕਿਸੇ ਦਾ ਕਤਲ ਕਰਨ ਵਾਲੇ ਮੁੰਡੇ ਵੀ ਅਪਰਾਧਕ ਦੁਨੀਆ ’ਚ ਨਾਂ ਕਮਾਉਂਦੇ ਹਨ।
ਜਿਸ ਦਿਨ ਟਿੱਲੂ ਤਾਜਪੁਰੀਆ ਦੀ ਮੌਤ ਹੋਈ, ਕਈ ਲੋਕ ਉਸ ਦੇ ਘਰ ਇਹ ਕਹਿੰਦੇ ਹੋਏ ਇਕੱਠੇ ਹੋਏ ਕਿ ‘ਅੱਜ ਅਸੀਂ ਆਪਣਾ ਭਰਾ ਗੁਆ ਦਿੱਤਾ ਹੈ’ ਪਰ ਪਿੰਡ ਵਾਸੀਆਂ ਵੱਲੋਂ ਗਿਰੋਹ ਅਤੇ ਉਨ੍ਹਾਂ ਦੇ ਮੈਂਬਰਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਰੂਪ ’ਚ ਵੇਖਿਆ ਜਾਂਦਾ ਹੈ, ਜੋ ਉਨ੍ਹਾਂ ਦੀ ਰਾਖੀ ਕਰਦੇ ਹਨ। ਕੁਝ ਲੋਕਾਂ ਨੇ ਤਾਜਪੁਰੀਆ ਨੂੰ ‘ਇਕ ਚੰਗਾ ਵਤੀਰਾ ਕਰਨ ਵਾਲਾ ਮੁੰਡਾ ਦੱਸਿਆ, ਜਿਸ ਨੇ ਪਿੰਡ ’ਚ ਕਦੇ ਵੀ ਕਿਸੇ ਨੂੰ ਪ੍ਰੇਸ਼ਾਨ ਨਹੀਂ ਕੀਤਾ।’ ਤਾਜਪੁਰ ਕਲਾਂ ਪਿੰਡ ਦੇ ਇਕ ਡੀ. ਟੀ. ਸੀ. ਕਰਮਚਾਰੀ ਕਹਿੰਦੇ ਹਨ,‘‘ਇੱਥੋਂ ਦੇ ਲੋਕਾਂ ਨੇ ਕਦੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਉਹ ਕਿਸ ਕਾਰੋਬਾਰ ਨਾਲ ਜੁੜੇ ਹਨ ਕਿਉਂਕਿ ਉਹ ਹਮੇਸ਼ਾ ਪਿੰਡ ਵਾਸੀਆਂ ਦਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿੰਦੇ ਸਨ।’’
ਹੁਣ ਅੱਗੇ ਕੀ ਹੋਵੇਗਾ?
ਸਪੈਸ਼ਲ ਸੈੱਲ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਲਗਾਤਾਰ ਗੈਂਗਸਟਰਾਂ ਤੇ ਹੋਰ ਅਪਰਾਧੀਆਂ ’ਤੇ ਨੁਕੇਲ ਕੱਸ ਰਹੀ ਹੈ ਪਰ ਇਹ ਜੇਲ ਪ੍ਰਸ਼ਾਸਨ ਦੀ ਨਾਕਾਮੀ ਹੈ ਕਿ ਗਿਰੋਹ ਅੰਦਰੋਂ ਕੰਮ ਕਰਨ ’ਚ ਸਮਰੱਥ ਹਨ। ਉਹ ਸੁਝਾਅ ਦਿੰਦੇ ਹਨ ਕਿ ਕੁਝ ਅਧਿਕਾਰੀਆਂ ਦਾ ਤਬਾਦਲਾ ਕਰਨ ਨਾਲ ਕੁਝ ਨਹੀਂ ਬਦਲੇਗਾ। ਖਤਰਨਾਕ ਅਪਰਾਧੀਆਂ ਨੂੰ ਦੂਜੇ ਸੂਬਿਆਂ ’ਚ ਭੇਜਣ ਨਾਲ ਕਾਫੀ ਹੱਦ ਤਕ ਉਨ੍ਹਾਂ ਦੇ ਨੈੱਟਵਰਕ ਖਤਮ ਹੋ ਸਕਦੇ ਹਨ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਬਦਲੇ ਦੀ ਕਾਰਵਾਈ ਦੀ ਸੰਭਾਵਨਾ ਪ੍ਰਗਟ ਕਰ ਰਹੇ ਹਨ। ਉਨ੍ਹਾਂ ਰਾਜਧਾਨੀ ’ਚ ਇਕ ਨਵੇਂ ਖੂਨ-ਖਰਾਬੇ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਇਕ ਹੋਰ ਵਿਸ਼ੇਸ਼ ਸੈੱਲ ਅਧਿਕਾਰੀ ਦਾ ਮੰਨਣਾ ਹੈ ਕਿ ਟਿੱਲੂ ਗਿਰੋਹ ਨੂੰ ਸੱਟ ਤੋਂ ਉਭਰਨ ਅਤੇ ਇਕ ਵਿਅਕਤੀ ਤਹਿਤ ਸੰਗਠਿਤ ਹੋਣ ’ਚ ਕੁਝ ਸਮਾਂ ਲੱਗੇਗਾ ਕਿਉਂਕਿ ਤਾਜਪੁਰੀਆ ਤੋਂ ਬਾਅਦ ਉਨ੍ਹਾਂ ਕੋਲ ਉਨ੍ਹਾਂ ਦੀ ਸਮਰੱਥਾ ਵਾਲਾ ਨੇਤਾ ਨਹੀਂ ਹੈ। ਇਹ ਵੀ ਸੰਭਾਵਨਾ ਹੈ ਕਿ ਗਿਰੋਹ ਬਦਲਾ ਲੈਣ ਲਈ ਨੀਰਜ ਬਵਾਨਾ ਨਾਲ ਹੱਥ ਮਿਲਾ ਸਕਦਾ ਹੈ। ਤਾਜਪੁਰੀਆ ਗਿਰੋਹ ਦੇ ਮੈਂਬਰ ਦਾ ਕਹਿਣਾ ਹੈ ਕਿ ਸਹਿਯੋਗੀ ਗਿਰੋਹਾਂ ਵਿਚੋਂ ਬਵਾਨਾ ਜਾਂ ਨਵੀਨ ਬਾਲੀ ਦੇ ਗਰੁੱਪ ’ਤੇ ਕਬਜ਼ਾ ਕਰਨ ਦੀ ਸੰਭਾਵਨਾ ਹੈ ਪਰ ਟਿੱਲੂ ਭਾਈ ਹਮੇਸ਼ਾ ਸਾਡੇ ਨੇਤਾ ਬਣੇ ਰਹਿਣਗੇ।
ਫ਼ਿਲਮ 'ਦਿ ਕੇਰਲ ਸਟੋਰੀ' ਦੇ ਨਿਰਮਾਤਾ ਨੂੰ ਫਾਂਸੀ ਦਿੱਤੀ ਜਾਏ : ਜਤਿੰਦਰ ਅਵਹਾਦ
NEXT STORY