ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 6ਵੇਂ ਗੇੜ ਤਹਿਤ ਐਤਵਾਰ ਯਾਨੀ ਭਲਕੇ ਵੋਟਾਂ ਪੈਣਗੀਆਂ। ਇੱਥੋਂ ਦੀਆਂ 7 ਸੀਟਾਂ 'ਤੇ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਤ੍ਰਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਨ੍ਹਾਂ ਚੋਣਾਂ 'ਚ ਕਾਂਗਰਸ ਪਾਰਟੀ ਆਪਣਾ ਪੂਰਾ ਜ਼ੋਰ ਲਾ ਰਹੀ ਹੈ। ਪਾਰਟੀ 2014 ਦੀਆਂ ਚੋਣਾਂ ਵਿਚ ਤੀਜੇ ਨੰਬਰ 'ਤੇ ਰਹੀ ਸੀ। ਚੋਣ ਪ੍ਰਚਾਰ ਦੌਰਾਨ ਫਿਲਮੀ ਸਿਤਾਰਿਆਂ ਨੇ ਜ਼ਮੀਨ 'ਤੇ ਉਤਰ ਕੇ ਕਾਂਗਰਸ, ਭਾਜਪਾ ਅਤੇ 'ਆਪ' ਲਈ ਵੋਟ ਮੰਗੇ। ਹੇਮਾ ਮਾਲਿਨੀ ਅਤੇ ਸੰਨੀ ਦਿਓਲ ਨੇ ਜਿੱਥੇ ਭਾਜਪਾ ਲਈ ਪ੍ਰਚਾਰ ਕੀਤਾ ਤਾਂ ਰਾਜ ਬੱਬਰ ਅਤੇ ਨਗਮਾ ਨੇ ਕਾਂਗਰਸ ਲਈ ਵੋਟਾਂ ਮੰਗੀਆਂ। ਪ੍ਰਕਾਸ਼ ਰਾਜ ਅਤੇ ਗੁਲ ਪਨਾਗ ਨੇ 'ਆਪ' ਲਈ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੋਤੀ ਨਗਰ ਵਿਚ ਸ਼ਖਸ ਨੇ ਥੱਪੜ ਮਾਰਿਆ ਤਾਂ 'ਆਪ' ਦੀ ਹੀ ਪੂਰਬੀ ਦਿੱਲੀ ਦੀ ਉਮੀਦਵਾਰ ਆਤਿਸ਼ੀ 'ਅਪਮਾਨਜਨਕ ਪਰਚੇ' ਨੂੰ ਲੈ ਕੇ ਪੱਤਰਕਾਰ ਸੰਮੇਲਨ ਵਿਚ ਹੀ ਰੋ ਪਈ। ਉੱਥੇ ਹੀ ਟਿਕਟ ਨਾ ਮਿਲਣ 'ਤੇ ਭਾਜਪਾ ਦੇ ਉੱਤਰੀ-ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਰਹੇ ਉਦਿਤ ਰਾਜ ਨੇ ਕਾਂਗਰਸ ਦਾ ਲੜ ਫੜ ਲਿਆ।
ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ 164 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ 'ਚ 18 ਔਰਤਾਂ ਸ਼ਾਮਲ ਹਨ। ਮੁੱਖ ਉਮੀਦਵਾਰਾਂ ਵਿਚ ਕਾਂਗਰਸ ਤੋਂ ਉੱਤਰੀ-ਪੂਰਬੀ ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਪੂਰਬੀ ਦਿੱਲੀ ਤੋਂ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ, ਨਵੀਂ ਦਿੱਲੀ ਤੋਂ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਅਤੇ ਦੱਖਣੀ ਦਿੱਲੀ ਤੋਂ ਬਾਕਸਰ (ਮੁੱਕੇਬਾਜ਼) ਵਜਿੰਦਰ ਸਿੰਘ ਸ਼ਾਮਲ ਹਨ। ਉੱਥੇ ਹੀ ਭਾਜਪਾ ਵਲੋਂ ਉਮੀਦਵਾਰਾਂ ਵਿਚ ਚਾਂਦਨੀ ਚੌਕ ਤੋਂ ਕੇਂਦਰੀ ਮੰਤਰੀ ਹਰਸ਼ਵਰਧਨ, ਪੂਰਬੀ ਦਿੱਲੀ ਤੋਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਨਵੀਂ ਦਿੱਲੀ ਤੋਂ ਮੀਨਾਕਸ਼ੀ ਲੇਖੀ ਸ਼ਾਮਲ ਹਨ। ਜੇਕਰ ਗੱਲ ਆਮ ਆਦਮੀ ਪਾਰਟੀ 'ਆਪ' ਦੀ ਕੀਤੀ ਜਾਵੇ ਤਾਂ ਪਾਰਟੀ ਵਲੋਂ ਅਹਿਮ ਉਮੀਦਵਾਰਾਂ ਵਿਚ ਉੱਤਰੀ-ਪੂਰਬੀ ਦਿੱਲੀ ਤੋਂ ਦਿਲੀਪ ਪਾਂਡੇ ਅਤੇ ਪੂਰਬੀ ਦਿੱਲੀ ਤੋਂ ਆਤਿਸ਼ੀ ਸ਼ਾਮਲ ਹਨ।
ਇੱਥੇ ਦੱਸ ਦੇਈਏ ਕਿ ਸਾਰੀਆਂ 7 ਲੋਕ ਸਭਾ ਖੇਤਰਾਂ ਦੇ 13,819 ਵੋਟਿੰਗ ਕੇਂਦਰਾਂ 'ਤੇ ਐਤਵਾਰ ਦੀ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਅਤੇ ਸ਼ਾਮ 6 ਵਜੇ ਤਕ ਜਾਰੀ ਰਹਿਣਗੀਆਂ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਰੋਕਣ ਲਈ ਦਿੱਲੀ ਪੁਲਸ, ਹੋਮ ਗਾਰਡ ਅਤੇ ਨੀਮ ਫੌਜੀ ਬਲਾਂ ਦੇ 60,000 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਦਿੱਲੀ ਵਿਚ 1.43 ਕਰੋੜ ਵੋਟਰ ਹਨ, ਜਿਨ੍ਹਾਂ 'ਚੋਂ 78,73,022 ਪੁਰਸ਼ ਅਤੇ 64,42,762 ਔਰਤਾਂ ਅਤੇ 669 ਟਰਾਂਸਜੈਂਡਰ ਸ਼ਾਮਲ ਹਨ। ਦਿੱਲੀ 'ਚ 18-19 ਸਾਲ ਦੇ 2,54,723 ਵੋਟਰ ਹਨ। ਇਸ ਤੋਂ ਇਲਾਵਾ 40,532 ਦਿਵਿਯਾਂਗ ਵੋਟਰ ਹਨ, ਜਿਨ੍ਹਾਂ ਨੂੰ ਘਰ ਤੋਂ ਵੋਟਿੰਗ ਕੇਂਦਰ ਲਿਆਉਣ ਅਤੇ ਫਿਰ ਘਰ ਤਕ ਛੱਡਣ ਦੀ ਸਹੂਲਤ ਮਿਲੇਗੀ।
ਬਲਬੀਰ ਜਾਖੜ ਦੇ ਬੇਟੇ ਦਾ ਦੋਸ਼- 'ਆਪ' ਨੇ 6 ਕਰੋੜ 'ਚ ਵੇਚਿਆ ਮੇਰੇ ਪਿਤਾ ਨੂੰ ਟਿਕਟ
NEXT STORY