ਨਵੀਂ ਦਿੱਲੀ- ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਹਨ ਇਹ ਸਵਾਲ ਹਾਲੇ ਵੀ ਉਂਝ ਹੀ ਬਣਿਆ ਹੋਇਆ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਜੱਥੇਬੰਦੀਆਂ ਵਲੋਂ ਮੋਰਚੇ ਲਗਾਏ ਜਾ ਰਹੇ ਹਨ। ਇਸ ਬਾਰੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਅੱਜ ਯਾਨੀ ਮੰਗਲਵਾਰ ਨੂੰ ਖਾਸ ਗੱਲਬਾਤ ਕੀਤੀ ਗਈ। ਜੀਕੇ ਕੋਲੋਂ ਹੇਠ ਲਿਖੇ ਸਵਾਲ ਜਵਾਬ ਕੀਤੇ ਗਏ:-
ਪ੍ਰਸ਼ਨ- 328 ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ?
ਉੱਤਰ- ਮੈਂ ਸਮਝਦਾ ਹਾਂ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਇਕ ਸਿੱਖ ਦੀ ਗੁਰੂ ਪ੍ਰਤੀ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ, ਜਿਹੜੀ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਹੈ। ਪਾਰਲੀਮੈਂਟ ਦਾ ਮਕਸਦ ਪ੍ਰਚਾਰ, ਪ੍ਰਸਾਰ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਜੇਕਰ ਐੱਸ.ਜੀ.ਪੀ.ਸੀ. ਸ੍ਰੀ ਗੁਰੂ ਗਰੰਥ ਸਾਹਿਬ ਨਹੀਂ ਸੰਭਾਲ ਸਕਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਹਾ ਗਿਆ ਕਿ 8-9 ਸਰੂਪ ਅਗਨੀ ਭੇਟ ਹੋਏ ਹਨ, ਇਸ ਤੋਂ ਬਾਅਦ ਹਰ ਵਾਰ ਵੱਖ-ਵੱਖ ਗਿਣਤੀ ਦੱਸੀ ਗਈ। ਉਨ੍ਹਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ 1000 ਤੋਂ ਵੱਧ ਸਰੂਪ ਅਗਨੀ ਭੇਟ ਹੋਏ ਹਨ।
ਪ੍ਰਸ਼ਨ- ਕਿਸ ਦੇ ਇਸ਼ਾਰੇ 'ਤੇ ਸਰੂਪ ਜਾਂਦੇ ਰਹੇ ਹਨ ਅਤੇ ਕਿੱਥੇ ਗਏ ਹਨ?
ਉੱਤਰ- ਡੇਰਾ ਮੁਖੀ ਨੇ ਸਾਲ 2007 'ਚ ਵਰਦੀ ਪਾ ਕੇ ਗੁਰੂ ਦਸਮ ਪਿਤਾ ਦੀ ਨਕਲ ਉਤਾਰੀ ਸੀ । ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਇਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਖਤਮ ਕਰ ਦਿੱਤੀ ਜਾਵੇ। ਡੇਰਾ ਪ੍ਰੇਮੀਆਂ 'ਚ ਬਹੁਤੇ ਸਿੱਖ ਹਨ, ਉਹ ਭਾਵੇਂ ਰਾਮ ਰਹੀਮ ਕੋਲ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੇ ਘਰ ਕੋਈ ਖੁਸ਼ੀ-ਗਮ ਹੁੰਦਾ ਹੈ ਤਾਂ ਉਹ ਗੁਰਦੁਆਰਿਆਂ 'ਚ ਜਾ ਕੇ ਆਪਣਾ ਕੰਮ ਕਰਦੇ ਸੀ। ਉਨ੍ਹਾਂ ਨੂੰ ਸਰੂਪ ਮਿਲਣੇ ਬੰਦ ਹੋ ਗਏ। ਜਦੋਂ ਸਰੂਪ ਮਿਲਣੇ ਬੰਦ ਹੋ ਗਏ ਸਨ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਜਿਸ ਤਰੀਕੇ ਨਾਲ ਉਸ ਨੂੰ ਮੁਆਫ਼ੀ ਦਿੱਤੀ ਗਈ ਸੀ, ਬਿਨਾਂ ਕਿਸੇ ਚਿੱਠੀ ਤੋਂ। ਉਸ ਘਟਨਾਕ੍ਰਮ ਨੂੰ ਯਾਦ ਕਰੀਏ ਤਾਂ ਉਸ ਪਿੱਛੇ ਸੋਚ ਇਹ ਸੀ ਕਿ ਜਿਹੜੀਆਂ ਮਾਲਵੇ ਦੀਆਂ ਸੀਟਾਂ ਨੇ ਇਹ ਡੇਰਾ ਪ੍ਰੇਮੀਆਂ ਦੇ ਵੋਟਾਂ ਤੋਂ ਬਿਨਾਂ ਨਹੀਂ ਜਿੱਤੀਆਂ ਜਾ ਸਕਦੀਆਂ। ਉਦੋਂ ਇਨ੍ਹਾਂ ਨੂੰ ਵੱਡੀ ਗਿਣਤੀ 'ਚ ਸਰੂਪ ਦੇ ਦਿੱਤੇ ਗਏ ਸਨ ਕਿ ਤੁਸੀਂ ਜੋ ਕਰਨਾ ਹੈ ਉਹ ਕਰਦੇ ਰਹੋ।
ਪ੍ਰਸ਼ਨ- ਅਕਾਲੀ ਦਲ ਨਾਲ ਸਾਂਝ ਟੁੱਟਣ ਕਰ ਕੇ ਉਨ੍ਹਾਂ ਵਿਰੁੱਧ ਬੋਲ ਰਹੇ ਹੋ?
ਉੱਤਰ- ਮੈਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਅਕਾਲੀ ਦਲ ਦਾ ਪ੍ਰਧਾਨ ਰਿਹਾ ਹਾਂ। ਮੇਰਾ ਕੰਮ ਦਿੱਲੀ ਦਾ ਸੀ ਜੋ ਮੈਂ 2013 ਤੋਂ ਲੈ ਕੇ 2017 ਤੱਕ ਕੀਤਾ। 2017 ਦੀ 4 ਫਰਵਰੀ ਨੂੰ ਪੰਜਾਬ ਦੀਆਂ ਵੋਟਾਂ ਸੀ, ਜਿੱਥੇ ਅਕਾਲੀ ਦਲ ਬੁਰੀ ਤਰ੍ਹਾਂ ਹਾਰਦਾ ਅਤੇ ਤੀਜੇ ਨੰਬਰ 'ਤੇ ਚੱਲਦਾ ਹੈ। 26 ਫਰਵਰੀ 2017 ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਨ। ਜਿੱਥੇ ਨਾ ਮੈਂ ਬਾਦਲ ਸਾਹਿਬ ਦੀ ਫੋਟੋ ਲਗਾਈ ਅਤੇ ਨਾ ਹੀ ਕੋਈ ਜਲਸਾ ਕੀਤਾ। ਉੱਥੇ ਮੈਂ ਆਪਣੇ ਦਮ 'ਤੇ 46 'ਚੋਂ 35 ਸੀਟਾਂ ਆਪਣੇ ਕੰਮ ਕਰ ਕੇ ਆਪਣੇ ਨਾਂ ਕੀਤੀਆਂ। ਦਿੱਲੀ 'ਚ ਪੜ੍ਹਿਆ ਲਿਖਿਆ ਸਿੱਖ ਵਸਦਾ। 2017 ਨੂੰ ਜਨਵਰੀ ਮਹੀਨੇ ਬਠਿੰਡੇ ਪ੍ਰੈੱਸ ਕਾਨਫਰੰਸ ਬੁਲਾਈ ਸੀ। ਉੱਥੇ ਅੰਗਰੇਜ਼ੀ ਅਖਬਾਰ ਦੇ ਰਿਪੋਰਟਰਾਂ ਨੇ ਮੈਨੂੰ ਸਵਾਲ ਪੁੱਛਿਆ ਕਿ ਤੁਸੀਂ ਗੱਲ ਕਰ ਰਹੇ ਹੋ ਅਕਾਲੀ ਦਲ ਦੇ ਜਿੱਤਣ ਦੀ ਪਰ ਤੁਹਾਡੇ ਐੱਮ.ਐੱਲ.ਏ. ਲੜ ਰਹੇ ਹਨ ਉਹ ਡੇਰੇ ਗਏ ਹਨ। ਉਨ੍ਹਾਂ ਦੀਆਂ ਫੋਟੋਆਂ ਅਖਬਾਰਾਂ 'ਚ ਦੇਖ ਲਵੋ। ਇਹ ਵੋਟਾਂ ਤੋਂ 5 ਦਿਨ ਪਹਿਲਾਂ ਦੀ ਗੱਲ ਹੈ। ਮੈਂ ਰਿਪੋਰਟਰਾਂ ਨੂੰ ਕਿਹਾ ਕਿ ਮੈਂ ਤੁਰੰਤ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕਰਾਂਗਾ ਅਤੇ ਉਨ੍ਹਾਂ ਨੂੰ ਕਿਹਾ ਕਿ ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਲਾ ਸਵਾਲ ਉਨ੍ਹਾਂ ਦਾ ਸੀ ਕਿ ਅਕਾਲੀ ਦਲ ਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਚਾਹੀਦੀਆਂ ਹਨ। ਮੈਂ ਕਿਹਾ ਸਾਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਨਹੀਂ ਚਾਹੀਦੀਆਂ, ਉਨ੍ਹਾਂ ਦੀਆਂ ਵੋਟਾਂ ਲੈਣ ਨਾਲੋਂ ਹਾਰਨਾ ਹੀ ਠੀਕ ਹੈ। ਅਗਲੇ ਦਿਨ ਅਖਬਾਰਾਂ ਦੀ ਹੈੱਡਲਾਈਨ ਚੱਲ ਗਈ ਕਿ ਮਨਜੀਤ ਸਿੰਘ ਜੀ.ਕੇ. ਕਹਿੰਦਾ ਹੈ ਕਿ ਸਾਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਜਦੋਂ ਇਹ ਅਖਬਾਰ 'ਚ ਛਪਿਆ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫੋਨ ਕੀਤਾ ਅਤੇ ਮੈਨੂੰ ਪੁੱਛਿਆ ਮੈਂ ਕੋਈ ਪ੍ਰੈੱਸ ਕਾਨਫਰੰਸ ਕੀਤੀ ਅਤੇ ਡੇਰੇ ਵਿਰੁੱਧ ਬੋਲਿਆ ਹੈ। ਜਦੋਂ ਮੈਂ ਹਾਂ 'ਚ ਜਵਾਬ ਦਿੱਤਾ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣਾ ਬੋਰੀ ਬਿਸਤਰਾ ਚੁੱਕ ਕੇ ਵਾਪਸ ਦਿੱਲੀ ਚੱਲੇ ਜਾਓ। ਤੁਹਾਨੂੰ ਇਲੈਕਸ਼ਨ ਪ੍ਰੋਸੈੱਸ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਤੁਸੀਂ ਵੋਟਾਂ ਪੈਣ ਤੱਕ ਕੋਈ ਪ੍ਰੈੱਸ ਕਾਨਫਰੰਸ ਜਾਂ ਬਿਆਨ ਨਾ ਦੇਣਾ।
ਪ੍ਰਸ਼ਨ- ਸਰੂਪ ਮਾਮਲੇ 'ਚ ਲੋਂਗੋਵਾਲ ਦੇ ਘਰ ਦਾ ਘਿਰਾਅ ਕਰ ਰਹੀਆਂ ਪਾਰਟੀਆਂ ਨੂੰ ਕੀ ਤੁਹਾਡਾ ਸਮਰਥਨ ਹੈ ?
ਉੱਤਰ- ਮੇਰਾ ਪੂਰਾ ਸਮਰਥਨ ਹੈ। ਸਾਡੀ ਸਿਆਸੀ ਲੜਾਈ ਹੋ ਸਕਦੀ ਹੈ ਪਰ ਗੁਰੂ ਦੇ ਨਾਂ 'ਤੇ ਜਿਹੜੇ ਵੀ ਲੋਕ ਬੈਠ ਰਹੇ ਹਨ ਅਸੀਂ ਉਨ੍ਹਾਂ ਨਾਲ ਹਾਂ। ਸਾਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਗੁਰੂ ਕਿੱਥੇ ਹਨ। ਸਾਨੂੰ ਪਤੇ ਦੇ ਦਿੱਤੇ ਜਾਣ ਕਿ ਸਾਡੇ ਗੁਰੂ ਦਾ ਹਾਲ ਕੀ ਹੈ। ਜੇਕਰ ਉਨ੍ਹਾਂ ਦੀ ਬੇਅਦਬੀ ਕੀਤੀ ਗਈ ਹੈ ਤਾਂ ਅਸੀਂ ਉਨ੍ਹਾਂ ਨੂੰ ਸਮੇਟੀਏ ਅਤੇ ਆਪਣੀ ਮਰਿਆਦਾ ਅਨੁਸਾਰ ਅਗਨੀ ਭੇਟ ਕਰ ਸਕੀਏ।
ਪ੍ਰਸ਼ਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ. ਦੇ ਅਧਿਕਾਰੀਆਂ ਦੀ ਤਨਖਾਹ ਬਾਰੇ ਤੁਹਾਡਾ ਕੀ ਕਹਿਣਾ ਹੈ?
ਉੱਤਰ- ਮੈਂ ਅਕਾਲ ਤਖਤ ਵਲੋਂ ਇਨ੍ਹਾਂ ਨੂੰ ਲਗਾਈ ਗਈ ਸਜ਼ਾ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ।
ਪ੍ਰਸ਼ਨ- ਵੱਖ-ਵੱਖ ਦਲਾਂ ਵਲੋਂ ਕੀਤੀਆਂ ਜਾ ਰਹੀਆਂ ਮੰਗਾਂ 'ਚੋਂ ਕਿਹੜੀ ਮੰਗ ਮੰਨੀ ਜਾਣੀ ਚਾਹੀਦੀ ਹੈ?
ਉੱਤਰ- ਮੈਂ ਸਮਝਦਾ ਹਾਂ ਕਿ ਹਰੇਕ ਸਿੱਖ ਨੂੰ ਪਰਚਾ ਦਰਜ ਕਰਵਾਉਣਾ ਚਾਹੀਦਾ ਹੈ। ਸਾਨੂੰ ਪਰਚਾ ਦਰਜ ਕਰਵਾਉਣਾ ਚਾਹੀਦਾ ਹੈ, ਜਦੋਂ ਤੱਕ ਇਸ ਦੀ ਜਾਂਚ ਪੂਰੀ ਨਹੀਂ ਹੋਵੇਗੀ। ਮੈਂ ਸਮਝਦਾ ਹਾਂ ਕਿ ਪਰਚਾ ਦਰਜ ਹੋਣਾ ਚਾਹੀਦਾ।
ਪ੍ਰਸ਼ਨ- ਕੀ ਲੱਗਦਾ ਹੈ 328 ਸਰੂਪਾਂ ਦਾ ਪਤਾ ਲੱਗ ਸਕੇਗਾ?
ਉੱਤਰ- ਧਰਨੇ ਪ੍ਰਦਰਸ਼ਨਾਂ ਨਾਲ ਦਬਾਅ ਬਣ ਰਿਹਾ ਹੈ। ਇਸ ਦੀ ਸੱਚਾਈ ਤਾਂ ਹੀ ਪਤਾ ਲੱਗ ਸਕਦੀ ਹੈ, ਜੇਕਰ ਪੂਰੀ ਤਰ੍ਹਾਂ ਜਾਂਚ ਹੋਵੇ।
ਪ੍ਰਸ਼ਨ- ਹਰਸਿਮਰਤ ਬਾਦਲ ਦੇ ਅਸਤੀਫ਼ੇ ਬਾਰੇ ਤੁਹਾਡੀ ਕੀ ਰਾਏ ਹੈ?
ਉੱਤਰ- ਜਦੋਂ ਬਿੱਲ ਬਾਰੇ ਚਰਚਾ ਹੁੰਦੀ ਹੈ ਜਾਂ ਜਦੋਂ ਇਹ ਕੈਬਨਿਟ 'ਚ ਪਾਸ ਹੁੰਦਾ ਹੈ, ਉਦੋਂ ਬੀਬਾ ਬੋਲਦੀ ਨਹੀਂ ਹੈ। 25 ਜੂਨ ਨੂੰ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰ ਕੇ ਕਹਿੰਦੇ ਹਨ, ਇਸ ਤੋਂ ਵਧੀਆ ਬਿੱਲ ਕਿਸਾਨਾਂ ਲਈ ਹੋ ਨਹੀਂ ਸਕਦਾ। ਮੈਂ ਇਹ ਸਮਝਦਾ ਹਾਂ, ਜੋ ਅਕਾਲੀ ਦਲ ਨੇ ਡਰਾਮੇਬਾਜ਼ੀ ਕੀਤੀ ਹੈ, ਇਨ੍ਹਾਂ ਕੋਲ 2 ਵੋਟ ਬੈਂਕ ਸੀ, ਕਿਸਾਨ ਅਤੇ ਪੰਥ। ਹੁਣ ਦੋਵੇਂ ਇਨ੍ਹਾਂ ਨਾਲ ਨਹੀਂ ਹਨ। ਹੁਣ ਬੀਬਾ ਦਾ ਕਹਿਣਾ ਹੈ ਕਿ ਮੈਂ ਕਿਸਾਨ ਦੀ ਧੀ ਹਾਂ। ਇੱਥੇ ਕਿਸਾਨ ਕੋਲ ਧੀ ਦਾ ਵਿਆਹ ਕਰਨ ਲਈ ਪੈਸੇ ਨਹੀਂ ਹਨ। ਜੇਕਰ ਕਰਜ਼ ਚੁੱਕ ਕੇ ਵਿਆਹ ਵੀ ਕਰਦਾ ਹੈ ਤਾਂ ਉਹ ਕਰਜ਼ਾ ਉਤਾਰਦੇ-ਉਤਾਰਦੇ ਜਾਂ ਤਾਂ ਫਾਂਸੀ ਲਗਾ ਲੈਂਦਾ ਹੈ ਜਾਂ ਕੀਟਨਾਸ਼ਕ ਪੀ ਕੇ ਆਪਣੀ ਜਾਨ ਦੇ ਦਿੰਦਾ ਹੈ।
ਆਸਾਰਾਮ ਦੀ ਦੋਸ਼ਸਿੱਧੀ 'ਤੇ ਕਿਤਾਬ ਦੇ ਪ੍ਰਕਾਸ਼ਨ ਤੋਂ ਕੋਰਟ ਨੇ ਰੋਕ ਹਟਾਈ
NEXT STORY