ਚੰਡੀਗੜ੍ਹ/ਨਵੀਂ ਦਿੱਲੀ (ਅਰਚਨਾ)- ਇਹ ਇਕ ਹਕੀਕਤ ਹੈ ਕਿ ਮਰਦਾਂ ਦੀ ਕਾਮਯਾਬੀ ਦੇ ਪਿੱਛੇ ਹਮੇਸ਼ਾ ਬੀਬੀਆਂ ਦਾ ਮਹੱਤਵਪੂਰਣ ਯੋਗਦਾਨ ਰਿਹਾ ਹੈ। ਕਿਸਾਨ ਅੰਦੋਲਨ ਦੀ ਸਫ਼ਲਤਾ ਦੇ ਪਿੱਛੇ ਲੁਕਿਆ ਰਾਜ਼ ‘ਮਹਿਲਾ ਦਿਵਸ’ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਆਪਣੀ ਸ਼ਕਤੀ ਪ੍ਰਦਰਸ਼ਨ ਰਾਹੀਂ ਖੋਲ੍ਹਣਗੀਆਂ, ਜਿਨ੍ਹਾਂ ਵਿਚ ਬਹਾਦਰ ਫੌਜੀਆਂ ਦੀਆਂ ਪਤਨੀਆਂ ਵੀ ਸ਼ਾਮਲ ਹੋਣਗੀਆਂ। ਇਹ ਵਿਚਾਰ ਆਲ ਇੰਡੀਆ ਡਿਫੈਂਸ ਬ੍ਰਦਰਹੁਡ ਐਸੋਸੀਏਸ਼ਨ (ਰਜਿ.) (ਏ.ਆਈ.ਡੀ.ਬੀ.) ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਜ਼ਾਹਰ ਕੀਤੇ।

‘ਮਹਿਲਾ ਦਿਵਸ’ ਮੌਕੇ ਬਹਾਦਰ ਫੌਜੀਆਂ ਦੀਆਂ ਪਤਨੀਆਂ ਵੀ ਹੋਣਗੀਆਂ ਸ਼ਾਮਲ
ਸਿੰਘੂ ਬਾਰਡਰ ਦੀ ਮੁੱਖ ਸਟੇਜ ’ਤੋਂ ਜਨਸਭਾ ਨੂੰ ਸੰਬੋਧਨ ਕਰਦਿਆਂ ਕਾਹਲੋਂ ਨੇ ਕਿਸਾਨ ਨੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਜਿਵੇਂ ਸਾਲ 1965 ਦੀ ਭਾਰਤ-ਪਾਕਿ ਜੰਗ ਦੇ ਸਮੇਂ ਕਿਸਾਨਾਂ ਨੇ ਫੌਜ ਦੇ ਪਹਿਲੇ ਮੋਰਚੇ ’ਤੇ ਪਹੁੰਚ ਕੇ ਲੜਾਈ ਲੜ ਰਹੇ ਫੌਜੀਆਂ ਨੂੰ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਿਆ, ਉਸੇ ਤਰ੍ਹਾਂ ਫੌਜੀ ਵਰਗ ਹੁਣ ਆਪਣੀ ਭੂਮਿਕਾ ਨਿਭਾਅ ਰਿਹਾ ਹੈ।

ਕਾਹਲੋਂ ਨੇ ਦੱਸਿਆ ਕਿ ਜਿਸ ਤਰੀਕੇ ਆਵਾਜਾਈ ’ਤੇ ਕੰਟਰੋਲ, ਸਟੇਜ ਮੈਨੇਜਮੈਂਟ ਅਤੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਨੌਜਵਾਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਜਦੋਂ ਬ੍ਰਿ. ਕਾਹਲੋਂ ਵਾਪਸ ਪੈਦਲ ਟਿਕਰੀ ਵੱਲ ਜਾ ਰਹੇ ਸਨ ਤਾਂ ਮਰਦਾਂ-ਔਰਤਾਂ ਦੇ ਇਕ ਸਾਂਝੇ ਕਾਫਿਲੇ ਨੇ ਉਨ੍ਹਾਂ ਨੂੰ ਰੋਕਿਆ ਅਤੇ ਜੀਪ ’ਤੇ ਖੜ੍ਹੇ ਹੋ ਕੇ ਭਾਸ਼ਣ ਦੇਣ ਲਈ ਕਿਹਾ।

ਸੰਗਤਾਂ ਵਿਚ ਅਣਥੱਕ ਜੋਸ਼ ਭਰਦੇ ਸਮੇਂ ਵਿਸ਼ੇਸ਼ ਤੌਰ ’ਤੇ ਜਦੋਂ ਕੁਝ ਔਰਤਾਂ ਨੂੰ ਟਰੈਕਟਰ ’ਤੇ ਸਟੀਅਰਿੰਗ ਫੜ੍ਹੇ ਡਰਾਇਵਰ ਸੀਟ ’ਤੇ ਬੈਠੇ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਮੌਕੇ ਕਿਸਾਨ ਅੰਦੋਲਨ ਨੂੰ ਬੇਹੱਦ ਸ਼ਕਤੀ ਮਿਲੇਗੀ, ਸਫ਼ਲਤਾ ਗੁਰੂ ਮਹਾਰਾਜ ਬਖਸ਼ਣਗੇ ਅਤੇ ਮਾਈ ਭਾਗੋ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਕਾਮਯਾਬੀ ਜ਼ਰੂਰ ਮਿਲੇਗੀ।

ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਦਾ ਅੱਜ 53ਵਾਂ ਦਿਨ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਜਦਕਿ ਸਰਕਾਰ ਇਨ੍ਹਾਂ ਕਾਨੂੰਨਾਂ ਵਿਚ ਸੋਧ ਲਈ ਤਿਆਰ ਹੈ।

ਸਰਕਾਰ ਨਾਲ 9ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। 18 ਜਨਵਰੀ ਨੂੰ ‘ਮਹਿਲਾ ਦਿਵਸ’ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਸ ਅੰਦੋਲਨ ’ਚ ਕਿਸਾਨਾਂ ਨਾਲ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਕਿਸਾਨ ਅੰਦੋਲਨ ਦੌਰਾਨ ਲੰਗਰ ਦੀ ਸੇਵਾ ਕਰਦੀਆਂ ਹੋਈਆਂ ਬੀਬੀਆਂ।

ਕਸ਼ਮੀਰ 'ਚ ਸੁਧਰ ਰਹੇ ਹਨ ਹਾਲਾਤ, ਮੌਜੂਦਾ ਸਮੇਂ ਬਚੇ 217 ਅੱਤਵਾਦੀ, ਘੁਸਪੈਠ ਵੀ ਹੋਈ ਘੱਟ
NEXT STORY