ਕੋਚੀ (ਭਾਸ਼ਾ)- ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ 'ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਵਧਾਉਣ ਵਾਲੇ ਬਿਆਨ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ ਪੁਲਸ ਨੇ ਕੋਚੀ ਧਮਾਕਿਆਂ ਦੇ ਸਬੰਧ ਵਿਚ ਸੋਸ਼ਲ ਮੀਡੀਆ 'ਤੇ ਮੰਤਰੀ ਦੇ ਬਿਆਨਾਂ ਅਤੇ ਰਾਜ ਦੇ ਮਲੱਪੁਰਮ ਜ਼ਿਲ੍ਹੇ ਵਿਚ ਇਕ ਇਸਲਾਮਿਕ ਸਮੂਹ ਦੁਆਰਾ ਆਯੋਜਿਤ ਇਕ ਸਮਾਗਮ ਵਿਚ ਹਮਾਸ ਦੇ ਨੇਤਾ ਦੇ ਇਕ ਤਾਜ਼ਾ ਵਰਚੁਅਲ ਸੰਬੋਧਨ 'ਤੇ ਐੱਫ.ਆਈ.ਆਰ. ਦਰਜ ਕੀਤੀ ਹੈ। ਕੋਚੀ ਸ਼ਹਿਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 153ਏ (ਧਰਮ, ਨਸਲ, ਜਨਮ ਸਥਾਨ, ਨਿਵਾਸ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣ) ਅਤੇ ਕੇਰਲ ਪੁਲਸ ਐਕਟ ਦੀ ਧਾਰਾ 120 (ਓ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਈ.ਪੀ.ਸੀ. ਦੇ ਤਹਿਤ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰਸ਼ੇਖਰ ਨੇ ਐਤਵਾਰ ਨੂੰ ਕੋਚੀ ਨੇੜੇ ਕਲਾਮਾਸੇਰੀ ਵਿਚ 'ਯਹੋਵਾ ਦੇ ਗਵਾਹ' ਸੰਪਰਦਾ ਦੇ ਇਕ ਧਾਰਮਿਕ ਸਮਾਗਮ ਵਿਚ ਬੰਬ ਧਮਾਕੇ ਦੀਆਂ ਰਿਪੋਰਟਾਂ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਆਲੋਚਨਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੁਝ ਪੋਸਟਾਂ ਕੀਤੀਆਂ ਸਨ।
ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਕੀਤਾ ਫੋਨ ਹੈੱਕ ਹੋਣ ਦਾ ਦਾਅਵਾ, ਭਾਜਪਾ 'ਤੇ ਲਗਾਏ ਇਲਜ਼ਾਮ
ਉਨ੍ਹਾਂ ਕਿਹਾ ਸੀ,''ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਇਕ ਬਦਨਾਮ ਮੁੱਖ ਮੰਤਰੀ (ਅਤੇ ਰਾਜ ਦੇ ਗ੍ਰਹਿ ਮੰਤਰੀ) ਪਿਨਰਾਈ ਵਿਜਯਨ ਦੀ ਗੰਦੀ ਬੇਸ਼ਰਮ ਤੁਸ਼ਟੀਕਰਨ ਦੀ ਰਾਜਨੀਤੀ। ਦਿੱਲੀ 'ਚ ਬੈਠ ਕੇ ਇਜ਼ਰਾਈਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਕਿ ਕੇਰਲ 'ਚ ਅੱਤਵਾਦੀ ਹਮਾਸ ਵਲੋਂ ਜਿਹਾਦ ਦੇ ਖੁੱਲ੍ਹੇ ਸੱਦੇ ਕਾਰਨ ਨਿਰਦੋਸ਼ ਈਸਾਈਆਂ 'ਤੇ ਹਮਲੇ ਅਤੇ ਬੰਬ ਧਮਾਕੇ ਹੋ ਰਹੇ ਹਨ।'' ਇਸ ਤੋਂ ਬਾਅਦ ਮੁੱਖ ਮੰਤਰੀ ਅਤੇ ਚੰਦਰਸ਼ੇਖਰ ਵਿਚਾਲੇ ਸੋਮਵਾਰ ਨੂੰ ਜ਼ੁਬਾਨੀ ਜੰਗ ਹੋਈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਵਿਜਯਨ ਨੂੰ ਝੂਠਾ ਦੱਸਿਆ ਅਤੇ ਇਸ 'ਤੇ ਪਲਟਵਾਰ ਕਰਦੇ ਹੋਏ ਵਿਜਯਨ ਨੇ ਕੇਂਦਰੀ ਰਾਜ ਮੰਤਰੀ ਨੂੰ ਬੇਹੱਦ ਜ਼ਹਿਰੀਲਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬਿਆਨ ਦਿੰਦਾ ਹੈ, ਭਾਵੇਂ ਹੀ ਉਹ ਕੇਂਦਰੀ ਜਾਂ ਰਾਜ ਮੰਤਰੀ ਹੀ ਕਿਉਂ ਨਾ ਹੋਵੇ ਤਾਂ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣਗੇ। ਕੇਰਲ 'ਚ ਕੋਚੀ ਨੇੜੇ ਕਲਮਸ਼ੇਰੀ 'ਚ ਈਸਾਈ ਭਾਈਚਾਰਾ 'ਯਹੋਵਾ ਦੇ ਗਵਾਹ' ਦੇ ਇਕ ਸੰਮੇਲਨ ਕੇਂਦਰ 'ਚ ਐਤਵਾਰ ਸਵੇਰੇ ਧਮਾਕੇ ਹੋਏ ਸਨ। ਇਸ ਈਸਾਈ ਧਾਰਮਿਕ ਸਮੂਹ ਦੀ ਸਥਾਪਨਾ 19ਵੀਂ ਸਦੀ 'ਚ ਅਮਰੀਕਾ 'ਚ ਕੀਤੀ ਗਈ ਸੀ। ਘਟਨਾ ਦੇ ਕੁਝ ਘੰਟਿਆਂ ਬਾਅਦ 'ਯਹੋਵਾ ਦੇ ਗਵਾਹ' ਭਾਈਚਾਰੇ ਦਾ ਅੰਸਤੁਸ਼ਟ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੇ ਤ੍ਰਿਸ਼ੂਰ ਜ਼ਿਲ੍ਹੇ ਦੀ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਦੇ ਹੋਏ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ। ਸ਼ੁਰੂਆਤ 'ਚ ਧਮਾਕਿਆਂ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਸੀ। ਇਸ ਤੋਂ ਬਾਅਦ ਗੰਭੀਰ ਜ਼ਖਮੀਆਂ 'ਚੋਂ ਇਕ 53 ਸਾਲਾ ਔਰਤ ਦੀ ਮੌਤ ਹੋ ਗਈ। ਸੋਮਵਾਰ ਸਵੇਰੇ ਇਸ ਹਾਦਸੇ 'ਚ 95 ਫ਼ੀਸਦੀ ਤੱਕ ਝੁਲਸੀ 12 ਸਾਲਾ ਕੁੜੀ ਦੀ ਵੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ ਕਸ਼ਮੀਰ ਦੇ ਰਿਆਸੀ 'ਚ PSA ਦੇ ਅਧੀਨ ਹਿਰਾਸਤ 'ਚ ਲਿਆ ਗਿਆ ਅਪਰਾਧੀ
NEXT STORY