ਨਵੀਂ ਦਿੱਲੀ : ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਵਪਾਰਕ ਸਮਝੌਤੇ (Trade Deal) ਤੋਂ ਬਾਅਦ ਵਿਦੇਸ਼ੀ ਸਕੌਚ ਵਿਸਕੀ ਸਸਤੀ ਹੋਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਮਝੌਤੇ ਤਹਿਤ ਬ੍ਰਿਟੇਨ ਤੋਂ ਆਉਣ ਵਾਲੀ ਸਕੌਚ 'ਤੇ ਦਰਾਮਦ ਡਿਊਟੀ 150 ਫ਼ੀਸਦੀ ਤੋਂ ਘਟਾ ਕੇ 75 ਫ਼ੀਸਦੀ ਕੀਤੀ ਗਈ ਸੀ, ਪਰ ਹੁਣ ਤਕਨੀਕੀ ਵਿਵਾਦ ਕਾਰਨ ਭਾਰਤ ਵਿੱਚ 'ਬਲਕ ਸਕੌਚ ਵਿਸਕੀ' ਦੀ ਦਰਾਮਦ 'ਤੇ ਪ੍ਰਭਾਵੀ ਤੌਰ 'ਤੇ 162.5 ਫ਼ੀਸਦੀ ਟੈਕਸ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫ਼ੈਸਲੇ ਨਾਲ ਪਰਨੋਡ ਰਿਕਾਰਡ, ਡਿਆਜੀਓ ਅਤੇ ਬਕਾਰਡੀ ਵਰਗੀਆਂ ਦਿੱਗਜ ਸ਼ਰਾਬ ਕੰਪਨੀਆਂ ਦੀ ਚਿੰਤਾ ਵਧ ਗਈ ਹੈ।
ਭਾਰਤ ਅਤੇ ਬ੍ਰਿਟੇਨ ਵਿਚਕਾਰ ਵਪਾਰਕ ਸਮਝੌਤਾ 15 ਜੁਲਾਈ 2026 ਤੋਂ ਲਾਗੂ ਹੋਇਆ ਸੀ। ਪਰ ਭਾਰਤੀ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਕੰਪਨੀਆਂ ਬਲਕ ਸਕੌਚ ਦੀ ਦਰਾਮਦ ਵਿੱਚ ਗਲਤ ਕਸਟਮ ਵਰਗੀਕਰਨ ਦੀ ਵਰਤੋਂ ਕਰ ਰਹੀਆਂ ਹਨ। ਦਰਅਸਲ, ਕੰਪਨੀਆਂ ਵੱਡੀ ਮਾਤਰਾ ਵਿੱਚ ਬਲਕ ਸਕੌਚ ਮੰਗਵਾਉਂਦੀਆਂ ਹਨ, ਜਿਸ ਨੂੰ ਭਾਰਤ ਵਿੱਚ ਦੂਜੀ ਸ਼ਰਾਬ ਨਾਲ ਮਿਲਾ ਕੇ ਬਲੈਂਡਿਡ ਵਿਸਕੀ ਤਿਆਰ ਕੀਤੀ ਜਾਂਦੀ ਹੈ।
ਏਜੰਸੀਆਂ ਦਾ ਤਰਕ ਹੈ ਕਿ ਅਜਿਹੀ ਸਕੌਚ ਨੂੰ ਆਮ ਵਿਸਕੀ ਦੀ ਬਜਾਏ 'ਕੰਪਾਊਂਡ ਅਲਕੋਹਲਿਕ ਪ੍ਰੈਪਰੇਸ਼ਨ' (ਮਿਕਸਡ ਉਤਪਾਦ) ਦੀ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਸ਼੍ਰੇਣੀ 'ਤੇ 150 ਫ਼ੀਸਦੀ ਦਰਾਮਦ ਡਿਊਟੀ ਅਤੇ ਵਾਧੂ ਟੈਕਸ ਮਿਲਾ ਕੇ ਕੁੱਲ ਡਿਊਟੀ 162.5 ਫ਼ੀਸਦੀ ਬਣ ਜਾਂਦੀ ਹੈ।
ਇਸ ਵਿਵਾਦ ਕਾਰਨ ਪ੍ਰਮੁੱਖ ਸ਼ਰਾਬ ਕੰਪਨੀਆਂ ਦੇ 80 ਤੋਂ ਵੱਧ ਸ਼ਿਪਿੰਗ ਕੰਟੇਨਰ ਭਾਰਤੀ ਬੰਦਰਗਾਹਾਂ 'ਤੇ ਅਟਕ ਗਏ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਲੀਟਰ ਸਕੌਚ ਮੌਜੂਦ ਹੈ। ਜਾਂਚ ਪੂਰੀ ਹੋਣ ਤੱਕ ਮਾਲ ਛੁਡਾਉਣ ਲਈ ਕੰਪਨੀਆਂ ਨੂੰ 75 ਫ਼ੀਸਦੀ ਰਕਮ ਨਕਦ ਅਤੇ ਬਾਕੀ ਰਕਮ ਲਈ ਬੈਂਕ ਗਾਰੰਟੀ ਦੇਣ ਦੀ ਸ਼ਰਤ ਰੱਖੀ ਗਈ ਹੈ।
ਇਸ ਦਾ ਅਸਰ ਸਿਰਫ਼ ਵਿਦੇਸ਼ੀ ਕੰਪਨੀਆਂ ਹੀ ਨਹੀਂ, ਸਗੋਂ ਰੈਡੀਕੋ ਖੇਤਾਨ, ਅਲਾਇਡ ਬਲੈਂਡਰਜ਼ ਅਤੇ ਤਿਲਕਨਗਰ ਇੰਡਸਟਰੀਜ਼ ਵਰਗੀਆਂ ਭਾਰਤੀ ਸ਼ਰਾਬ ਕੰਪਨੀਆਂ 'ਤੇ ਵੀ ਪੈ ਸਕਦਾ ਹੈ, ਕਿਉਂਕਿ ਬ੍ਰਿਟੇਨ ਤੋਂ ਆਉਣ ਵਾਲੀ ਕਰੀਬ 80 ਫ਼ੀਸਦੀ ਬਲਕ ਸਕੌਚ ਦੀ ਵਰਤੋਂ ਭਾਰਤੀ ਬ੍ਰਾਂਡਾਂ ਦੀ ਵਿਸਕੀ ਬਣਾਉਣ ਵਿੱਚ ਹੁੰਦੀ ਹੈ।
ਟਰੇਡ ਡੀਲ ਤੋਂ ਬਾਅਦ ਕੰਪਨੀਆਂ ਨੇ ਕੁਝ ਸਕੌਚ ਬ੍ਰਾਂਡਾਂ ਦੀਆਂ ਕੀਮਤਾਂ ਘਟਾਈਆਂ ਸਨ, ਪਰ ਹੁਣ ਵਧੇ ਹੋਏ ਟੈਕਸ ਅਤੇ ਸਪਲਾਈ ਰੁਕਣ ਕਾਰਨ ਕੀਮਤਾਂ ਮੁੜ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਦੂਜੇ ਪਾਸੇ, ਬ੍ਰਿਟਿਸ਼ ਸਰਕਾਰ ਇਸ ਮਾਮਲੇ ਨੂੰ ਸੁਲਝਾਉਣ ਲਈ ਭਾਰਤ ਨਾਲ ਗੱਲਬਾਤ ਕਰ ਰਹੀ ਹੈ। ਭਾਰਤ ਦੇ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਵੀ ਭਰੋਸਾ ਦਿਵਾਇਆ ਹੈ ਕਿ ਭਾਰਤ ਟਰੇਡ ਡੀਲ ਦੀਆਂ ਸ਼ਰਤਾਂ ਦਾ ਸਨਮਾਨ ਕਰੇਗਾ ਅਤੇ ਇਸ ਤਕਨੀਕੀ ਵਿਵਾਦ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਅੰਗਰੇਜ਼ਾਂ ਦੇ ਜ਼ਮਾਨੇ ਦਾ ਜੇਲ੍ਹ ਕਾਨੂੰਨ ਰੱਦ, ਅੰਡੇਮਾਨ-ਨਿਕੋਬਾਰ 'ਚ ਨਵਾਂ ਸੁਧਾਰਵਾਦੀ ਨਿਯਮ 2026 ਲਾਗੂ
NEXT STORY