ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸੋਮਵਾਰ ਯਾਨੀ ਕਿ 24 ਮਈ ਤੋਂ 5 ਦਿਨਾਂ ਯਾਤਰਾ ’ਤੇ ਅਮਰੀਕਾ ਜਾਣਗੇ, ਜਿੱਥੇ ਉਹ ਅਮਰੀਕੀ ਕੰਪਨੀਆਂ ਨਾਲ ਕੋਵਿਡ-19 ਰੋਕੂ ਟੀਕੇ ਦੀ ਖਰੀਦ ਅਤੇ ਬਾਅਦ ਵਿਚ ਇਸ ਦੇ ਸਾਂਝੇ ਉਤਪਾਦਨ ਦੀ ਸੰਭਾਵਨਾ ਬਾਰੇ ਚਰਚਾ ਕਰਨਗੇ। ਵਿਦੇਸ਼ ਮੰਤਰਾਲਾ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜੈਸ਼ੰਕਰ 24 ਤੋਂ 28 ਮਈ 2021 ਤੱਕ ਅਮਰੀਕਾ ਦੀ ਯਾਤਰਾ ’ਤੇ ਰਹਿਣਗੇ। ਇਸ ਦੌਰਾਨ ਉਹ ਭਾਰਤ ਅਤੇ ਗੁਆਂਢੀ ਮੁਲਕਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਦੀ ਸਪਲਾਈ ਲਈ ਅਮਰੀਕਾ ਨਾਲ ਗੱਲਬਾਤ ਕਰਨਗੇ। ਦੱਸ ਦੇਈਏ ਕਿ ਹਾਲ ਹੀ ’ਚ ਬੰਗਲਾਦੇਸ਼ ਵਿਦੇਸ਼ ਮੰਤਰੀ ਏ. ਕੇ. ਅਬਦੁੱਲ ਮੋਮਿਨ ਨੇ ਐੱਸ. ਜੈਸ਼ੰਕਰ ਨਾਲ ਵੈਕਸੀਨ ਦੀ ਸਪਲਾਈ ਲਈ ਅਮਰੀਕਾ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਨੇਪਾਲ, ਸ਼੍ਰੀਲੰਕਾ ਅਤੇ ਮਾਲਦੀਵ ਵੀ ਪਿਛਲੇ ਕੁਝ ਸਮੇਂ ਤੋਂ ਵੈਕਸੀਨ ਸਪਲਾਈ ਦੀ ਮੰਗ ਕਰ ਰਹੇ ਹਨ।
ਸੂਤਰਾਂ ਮੁਤਾਬਕ ਜੈਸ਼ੰਕਰ ਦੀ ਯਾਤਰਾ ਦਾ ਮੁੱਖ ਮੁੱਦਾ ਕੋਵਿਡ ਸਹਿਯੋਗ ਅਤੇ ਵੈਕਸੀਨ ਹੋਵੇਗਾ। ਕੋਵਿਡ ਆਫ਼ਤ ਦਰਮਿਆਨ ਉਨ੍ਹਾਂ ਦੀ ਯਾਤਰਾ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੰਤਰਾਲਾ ਨੇ ਦੱਸਿਆ ਕਿ ਜੈਸ਼ੰਕਰ ਵਾਸ਼ਿੰਗਟਨ ਵਿਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿੰਲਕੇਨ ਨਾਲ ਚਰਚਾ ਕਰਨਗੇ। ਬਿਆਨ ਮੁਤਾਬਕ ਵਿਦੇਸ਼ ਮੰਤਰੀ ਦੀ ਯਾਤਰਾ ਦੌਰਾਨ ਉਨ੍ਹਾਂ ਦਾ ਭਾਰਤ ਅਤੇ ਅਮਰੀਕਾ ਦਰਮਿਆਨ ਆਰਥਿਕ ਅਤੇ ਕੋਵਿਡ-19 ਮਹਾਮਾਰੀ ਨਾਲ ਜੁੜੇ ਸਹਿਯੋਗ ਨੂੰ ਲੈ ਕੇ ਕਾਰੋਬਾਰੀ ਮੰਚਾਂ ਤੋਂ ਗੱਲਬਾਤ ਦਾ ਪ੍ਰੋਗਰਾਮ ਹੈ।
ਅਮਰੀਕਾ ਰਾਸ਼ਟਰਪਤੀ ਜੋ ਬਿਡੇਨ ਨੇ 5 ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਅਮਰੀਕਾ ਜੂਨ ਦੇ ਅਖ਼ੀਰ ਤੱਕ ਲੋੜਵੰਦ ਦੇਸ਼ਾਂ ਨੂੰ ਫਾਈਜ਼ਰ-ਬਾਇਓਐਨਟੇਕ ਅਤੇ ਜਾਨਸਨ ਐਂਡ ਜਾਨਸਨ ਦੇ ਕੋਵਿਡ ਟੀਕਿਆਂ ਦੀ ਦੋ ਕਰੋੜ ਖ਼ੁਰਾਕਾਂ ਦੇਵੇਗਾ। ਇਸ ਤੋਂ ਇਲਾਵਾ ਐਸਟ੍ਰਾਜੇਨੇਕਾ ਦੀਆਂ ਕਰੀਬ 6 ਕਰੋੜ ਖ਼ੁਰਾਕਾਂ ਸ਼ਾਮਲ ਹਨ। ਹਾਲਾਂਕਿ ਟੀਕਿਆਂ ਦੀ ਵੰਡ ਦੇ ਵੇਰਵੇ ’ਤੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਲਾਭਪਾਤਰੀਆਂ ਵਿਚ ਭਾਰਤ ਵੀ ਸ਼ਾਮਲ ਹੈ।
12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਰਾਜਨਾਥ ਸਿੰਘ ਕੇਂਦਰੀ ਮੰਤਰੀਆਂ ਨਾਲ ਕੱਲ੍ਹ ਕਰਨਗੇ ਬੈਠਕ
NEXT STORY