ਨੈਸ਼ਨਲ ਡੈਸਕ : ਕਰਨਾਟਕ ਦੇ ਦੇਵਨਹੱਲੀ ਇਲਾਕੇ ਵਿੱਚ ਇੱਕ 14 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਹੋਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਇੱਕ ਮਹਿਲਾ ਸਮੇਤ ਤਿੰਨ ਮੁਲਜ਼ਮਾਂ ਨੇ ਕੁੜੀ ਨੂੰ ਬਹਾਨੇ ਨਾਲ ਬੁਲਾਇਆ, ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 17 ਜੁਲਾਈ ਨੂੰ ਵਾਪਰੀ ਸੀ। ਪੁਲਸ ਨੇ ਦੱਸਿਆ ਕਿ ਰੇਨੁਕਾ ਨਾਮੀ ਮਹਿਲਾ ਨੇ ਕੁੜੀ ਨੂੰ ਮੰਦਰ ਜਾਣ ਦੀ ਗੱਲ ਕਹਿ ਕੇ ਘਰੋਂ ਬਾਹਰ ਬੁਲਾਇਆ ਸੀ। ਇਸ ਤੋਂ ਬਾਅਦ ਕੁੜੀ ਨੂੰ ਨਵੀਨ ਅਤੇ ਵੈਂਕਟਰਮਨ ਨਾਮ ਦੇ ਦੋ ਨੌਜਵਾਨਾਂ ਨਾਲ ਆਟੋ ਵਿੱਚ ਭੇਜ ਦਿੱਤਾ ਗਿਆ। ਮੁਲਜ਼ਮਾਂ ਨੇ ਰਸਤੇ ਵਿੱਚ ਕੁੜੀ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ। ਜਦੋਂ ਉਹ ਬੱਚੀ ਨੂੰ ਵਾਪਸ ਉਸ ਦੇ ਘਰ ਨੇੜੇ ਲੈ ਕੇ ਪਹੁੰਚੇ, ਤਾਂ ਉਸ ਦੀ ਹਾਲਤ ਖਰਾਬ ਦੇਖ ਕੇ ਉਨ੍ਹਾਂ ਨੇ ਉਸ ਨੂੰ ਘਰ ਛੱਡਣ ਦਾ ਫੈਸਲਾ ਬਦਲ ਦਿੱਤਾ।
ਮੁਲਜ਼ਮਾਂ ਨੇ ਕੁੜੀ ਨੂੰ ਡਰਾਇਆ ਕਿ ਜੇਕਰ ਉਹ ਇਸ ਹਾਲਤ ਵਿੱਚ ਘਰ ਗਈ ਤਾਂ ਉਸ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਅਤੇ ਉਸ ਦੀ ਕੁੱਟਮਾਰ ਹੋਵੇਗੀ। ਇਸ ਤੋਂ ਬਾਅਦ ਮੁਲਜ਼ਮ ਕੁੜੀ ਨੂੰ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੈ ਗਏ, ਜਿੱਥੇ ਰਾਤ ਭਰ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਗਿਆ। ਵਾਰਦਾਤ ਦੌਰਾਨ ਕੁੜੀ ਨਾਲ ਕੁੱਟਮਾਰ ਵੀ ਕੀਤੀ ਗਈ। ਅਗਲੀ ਸਵੇਰ ਮੁਲਜ਼ਮਾਂ ਨੇ ਕੁੜੀ ਨੂੰ ਉਸ ਦੇ ਘਰ ਨੇੜੇ ਛੱਡ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਬੱਚੀ ਦੇ ਰਾਤ ਭਰ ਘਰ ਨਾ ਪਰਤਣ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਸੀ। ਸਵੇਰੇ ਜਦੋਂ ਉਹ ਘਰ ਪਹੁੰਚੀ ਤਾਂ ਉਸ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਸਾਰੀ ਹੱਡਬੀਤੀ ਸੁਣਾਈ। ਇਸ ਤੋਂ ਬਾਅਦ ਪਰਿਵਾਰ ਨੇ ਦੇਵਨਹੱਲੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਰੇਨੁਕਾ, ਨਵੀਨ ਅਤੇ ਵੈਂਕਟਰਮਨ ਵਿਰੁੱਧ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਭਲਕੇ ਕਈ ਸੂਬਿਆਂ 'ਚ ਸਕੂਲ ਰਹਿਣਗੇ ਬੰਦ, ਪੰਜਾਬ ਸਣੇ ਉੱਤਰੀ ਭਾਰਤ 'ਚ ਭਾਰੀ ਬਾਰਿਸ਼ ਦੀ ਚਿਤਾਵਨੀ
NEXT STORY