ਬਲੀਆ (ਭਾਸ਼ਾ) - ਹੱਜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸਾਲ ਇਕ ਨਵਾਂ ਪ੍ਰਬੰਧ ਲਾਗੂ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਭਲਾਈ ਰਾਜ ਮੰਤਰੀ ਦਾਨਿਸ਼ ਆਜ਼ਾਦ ਅੰਸਾਰੀ ਨੇ ਐਤਵਾਰ ਦੱਸਿਆ ਕਿ ਹੱਜ ਮੁਸਾਫਰਾਂ ਨੂੰ ਇਕ ਵਿਸ਼ੇਸ਼ ‘ਬੈਂਡ’ ਦਿੱਤਾ ਜਾਵੇਗਾ ਜਿਸ ਨੂੰ ਉਹ ਆਪਣੇ ਗੁੱਟ ’ਤੇ ਬੰਨ੍ਹ ਸਕਣਗੇ। ਇਸ ’ਚ ਐਮਰਜੈਂਸੀ ਬਟਨ ਹੋਵੇਗਾ। ਜੇ ਕਿਸੇ ਮੁਸਾਫਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਬਟਨ ਦੱਬ ਕੇ ਮਦਦ ਮੰਗ ਸਕਦਾ ਹੈ। ਇਹ ‘ਬੈਂਡ’ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ।
ਅੰਸਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੱਜ ਮੁਸਾਫਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਾਲ ਭਾਰਤ ਤੋਂ ਲਗਭਗ 1.25 ਲੱਖ ਲੋਕਾਂ ਦੇ ਹੱਜ ਜਾਣ ਦੀ ਉਮੀਦ ਹੈ। ਇਸ ਸਮੇ ਹਰ 150 ਮੁਸਾਫਰਾਂ ਲਈ ਇਕ ਹੱਜ ਇੰਸਪੈਕਟਰ ਤਾਇਨਾਤ ਹੈ। ਡਿਜੀਟਲ ਤਕਨਾਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਮਦਦ ਨਾਲ ਹੱਜ ਯਾਤਰਾ ਦੌਰਾਨ ਪ੍ਰਬੰਧਾਂ ਨੂੰ ਹੋਰ ਸੁਚਾਰੂ ਤੇ ਸੁਰੱਖਿਅਤ ਬਣਾਇਆ ਜਾਵੇਗਾ। ਦਾਨਿਸ਼ ਨੇ ਕਿਹਾ ਕਿ ਇਸ ਮੰਤਵ ਲਈ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਕਮੇਟੀ ਬਣਾਈ ਹੈ। ਉਨ੍ਹਾਂ ਕੁਝ ਸਮਾ ਪਹਿਲਾਂ ਹੱਜ 2026 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਵਿਦੇਸ਼ ਮੰਤਰਾਲਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਦੇ ਅਧਿਕਾਰੀਆਂ ਨਾਲ ਮੱਕਾ ਦਾ ਦੌਰਾ ਕੀਤਾ ਸੀ।
ਆਨਲਾਈਨ ਗੇਮਿੰਗ ਐਪ Winzo ਖਿਲਾਫ ਦੋਸ਼-ਪੱਤਰ ਦਾਇਰ, 734 ਕਰੋੜ ਰੁਪਏ ਦੀ ਧੋਖਾਦੇਹੀ ਦਾ ਦੋਸ਼
NEXT STORY