ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੁਲਸ ਦੇ ਵੱਖ ਵੱਖ ਵਿਭਾਗਾਂ ਵੱਲੋਂ ਆਏ ਦਿਨ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਸ ਕਰਕੇ ਖੇਤੀਬਾੜੀ ਫ਼ਾਰਮਾਂ 'ਤੇ ਕੰਮ ਕਰ ਰਹੇ ਅਤੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਕਾਰਵਾਈ ਤਹਿਤ ਇਟਲੀ ਦੇ ਸੂਬਾ ਲਾਤੀਨਾ ਦੇ ਸ਼ਹਿਰ ਪਰੀਵੇਰਨੋ ਵਿਖੇ ਲਾਤੀਨਾ ਦੀ ਵਿੱਤੀ ਪੁਲਸ ( ਗੁਆਰਦੀਆ ਦੀ ਫਿਨੈਂਸਾ) ਵਲੋ ਤੇਰਾਚੀਨਾ ਪੁਲਸ ਦੀ ਮਦਦ ਨਾਲ ਪਰੀਵੇਰਨੋ ਦੇ ਇੱਕ ਖੇਤੀਬਾੜੀ ਫਾਰਮ 'ਤੇ ਗੈਰ ਕਨੂੰਨੀ ਤੌਰ 'ਤੇ ਕੰਮ ਲਏ ਜਾਣ ਵਿਰੁੱਧ ਛਾਪਾ ਮਾਰਿਆ ਗਿਆ।

ਪੁਲਸ ਮੁਤਾਬਿਕ ਫਾਰਮ ਵਿੱਚ 28 ਭਾਰਤੀ ਕਾਮੇ ਸਟੋਬਰੀ (ਫਰਾਗੋਲਾ) ਤੋੜਨ ਦਾ ਕੰਮ ਕਰ ਰਹੇ ਸਨ, ਜਿਹਨਾਂ ਵਿੱਚੋਂ 17 ਕਾਮੇ ਕੰਮ ਦੇ ਇਕਰਾਰਨਾਮੇ (ਕੰਟਰੈਕਟ) ਤੋਂ ਬਗੈਰ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਖੇਤੀਬਾੜੀ ਫਾਰਮ, ਜਿਸਦਾ ਹੈੱਡ ਆਫ਼ਿਸ ਰੋਮ ਵਿੱਚ ਹੈ, ਉਸ 'ਤੇ ਕਾਰਵਾਈ ਕਰਦਿਆਂ ਹੋਇਆਂ ਪੁਲਸ ਵਲੋਂ 2 ਲੱਖ 20 ਹਜ਼ਾਰ ਯੂਰੋ (2 ਕਰੋੜ 20 ਲੱਖ ਭਾਰਤੀ ਰੁਪਏ ਤੋਂ ਵੱਧ ਰਕਮ) ਦਾ ਜੁਰਮਾਨਾ ਕੀਤਾ ਗਿਆ ਅਤੇ ਕਾਮਿਆਂ ਨੂੰ ਕੰਮ ਦੀ ਨਕਦ ਤਨਖਾਹ ਦੇਣ ਦਾ ਕੇਸ ਵੀ ਦਰਜ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਵਿਦਿਆਰਥਣ ਹੋਈ ਲਾਪਤਾ ! ਪੁਲਸ ਨੇ ਮੰਗੀ ਲੋਕਾਂ ਤੋਂ ਮਦਦ
ਵਿੱਤੀ ਪੁਲਸ ਮੁੱਖੀ ਨੇ ਕਿਹਾ ਕੇ ਅਜਿਹਾ ਜ਼ਿਆਦਾਤਰ ਭਾਰਤੀ ਲੋਕਾਂ ਵਲੋਂ ਪੁਲਸ ਦਾ ਸਾਥ ਨਾ ਦੇਣ ਕਾਰਨ ਹੋ ਰਿਹਾ ਹੈ ਕਿਉਂਕਿ ਪੁਲਸ ਅਨੁਸਾਰ ਇਨ੍ਹਾਂ ਵਿੱਚੋਂ ਹੀ ਕਈ ਲੋਕ ਠੇਕੇਦਾਰੀ ਸਿਸਟਮ ਚਲਾਉਂਦੇ ਹਨ ਪਰ ਭਾਰਤੀ ਕਾਮੇ ਚੁੱਪ ਚਾਪ ਸ਼ੋਸ਼ਣ ਝਲਦੇ ਰਹਿੰਦੇ ਹਨ। ਪੁਲਸ ਮੁੱਖੀ ਨੇ ਸਾਰੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਜੇ ਕਿਸੇ ਨਾਲ ਵੀ ਧੱਕੇਸ਼ਾਹੀ ਹੁੰਦੀ ਹੈ ਤਾਂ ਪੁਲਸ ਨੂੰ ਦਸੋ। ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਇਟਲੀ ਵਿੱਚ ਅਜੋਕੇ ਸਮੇਂ ਦੌਰਾਨ ਭਾਰਤੀ , ਪਾਕਿਸਤਾਨੀ, ਬੰਗਲਾਦੇਸ਼ੀ ਤੇ ਹੋਰ ਦੇਸ਼ਾਂ ਦੇ ਲੋਕਾਂ ਵਲੋਂ ਖੇਤੀਬਾੜੀ ਫ਼ਾਰਮਾਂ ਦੀ ਆੜ ਵਿੱਚ ਲੋਕਾਂ ਨੂੰ ਇਟਲੀ ਸੱਦਣ ਦਾ ਗੌਰਖ ਧੰਦਾ ਚਲਾਇਆ ਜਾ ਰਿਹਾ ਹੈ, ਜਿਸਦੀ ਖ਼ਬਰ ਭਲੀ ਭਾਂਤ ਪੁਲਸ ਨੂੰ ਪਤਾ ਲੱਗ ਚੁੱਕੀ ਹੈ ਤੇ ਇਸ ਗੌਰਖ ਧੰਦੇ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਆਏ ਦਿਨ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਗਲਤ ਗਤੀਵਿਧੀਆਂ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋ ਪਹਿਲਾਂ ਵੀ ਇਟਲੀ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪੁਲਸ ਵੱਲੋਂ ਖੇਤੀਬਾੜੀ ਫ਼ਾਰਮਾਂ ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਤੇ ਭਾਰੀ ਮਾਤਰਾ ਵਿੱਚ ਜੁਰਮਾਨੇ ਵੀ ਕੀਤੇ ਜਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਪਾਲ 'ਚ 4.2 ਤੀਬਰਤਾ ਦਾ ਭੂਚਾਲ
NEXT STORY