ਮੁੰਬਈ : ਕੇਂਦਰੀ ਜਾਂਚ ਬਿਊਰੋ ਨੇ ਮੁੰਬਈ ਦੇ ਸਕਿੰਡੀਆ ਹਾਊਸ ਸਥਿਤ ਇਨਕਮ ਟੈਕਸ ਦਫ਼ਤਰ ਦੀ ਇਨਵੈਸਟੀਗੇਸ਼ਨ ਵਿੰਗ ਵਿੱਚ ਤਾਇਨਾਤ ਇੱਕ ਇੰਸਪੈਕਟਰ ਨੂੰ 15 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਆਰੋਪੀ ਦੀ ਪਛਾਣ ਸੁਭਾਸ਼ ਕੁਮਾਰ ਯਾਦਵ (ਇੰਸਪੈਕਟਰ, DDIT, ਇਨਵੈਸਟੀਗੇਸ਼ਨ ਵਿੰਗ, ਮੁੰਬਈ) ਵਜੋਂ ਹੋਈ ਹੈ। CBI ਨੇ ਮੁੰਬਈ ਦੇ ਇੱਕ ਨਾਗਰਿਕ ਦੀ ਸ਼ਿਕਾਇਤ 'ਤੇ ਆਰੋਪੀ ਇੰਸਪੈਕਟਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਸ਼ਿਕਾਇਤਕਰਤਾ ਅਨੁਸਾਰ, ਆਰੋਪੀ ਇਨਕਮ ਟੈਕਸ ਇੰਸਪੈਕਟਰ ਨੇ ਆਮਦਨ ਕਰ ਵਿਭਾਗ ਦੀ 'ਬੇਨਾਮੀ ਪ੍ਰੋਹਿਬਿਸ਼ਨ ਯੂਨਿਟ' ਕੋਲ ਪੈਂਡਿੰਗ ਪਏ ਬੇਨਾਮੀ ਜਾਇਦਾਦ ਨਾਲ ਸਬੰਧਤ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਗੱਲਬਾਤ ਤੋਂ ਬਾਅਦ ਆਰੋਪੀ 15 ਲੱਖ ਰੁਪਏ ਦੀ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਸੀ।
ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ CBI ਨੇ 27 ਅਕਤੂਬਰ 2026 ਨੂੰ ਜਾਲ ਵਿਛਾਇਆ ਅਤੇ ਆਰੋਪੀ ਸੁਭਾਸ਼ ਕੁਮਾਰ ਯਾਦਵ ਨੂੰ ਸ਼ਿਕਾਇਤਕਰਤਾ ਤੋਂ 15 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ CBI ਵੱਲੋਂ ਆਰੋਪੀ ਦੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ 11 ਲੱਖ ਰੁਪਏ ਦੀ ਨਕਦੀ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਆਰੋਪੀ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 30 ਅਕਤੂਬਰ 2026 ਤੱਕ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। CBI ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: 40,421 ਰੁਪਏ ਵਾਲੀ ਹੁਣ ਮਿਲੇਗੀ 2,720 ਰੁਪਏ 'ਚ
NEXT STORY