ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ’ਤੇ ਭਾਜਪਾ ਉਮੀਦਵਾਰ ਕੰਗਨਾ ਰਾਣੌਤ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ’ਚ ਕੈਬਨਿਟ ਮੰਤਰੀ ਵਿਕਰਮਾਦਿਤਿਆ ਸਿੰਘ ਵਿਚਾਲੇ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਵਿਕਰਮਾਦਿਤਿਆ ਨੂੰ ਛੋਟਾ ਪੱਪੂ ਕਹਿਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਰਾਜਾ ਬੇਟਾ, ਰਾਜਾ ਬਾਬੂ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਜਵਾਬ ’ਚ ਵਿਕਰਮਾਦਿਤਿਆ ਨੇ ਵੀ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ। ਹਿਮਾਚਲ ਦੀ ਸਿਆਸਤ ਇਨ੍ਹਾਂ ਦੋਵਾਂ ਨੇਤਾਵਾਂ ਦੇ ਬਿਆਨਾਂ ਨੂੰ ਲੈ ਕੇ ਗਰਮਾਈ ਹੋਈ ਹੈ।
ਮਨਾਲੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੰਗਨਾ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਛੋਟਾ ਪੱਪੂ ਕੀ ਕਿਹਾ ਉਹ ਮੂੰਹ ਫੁਲਾ ਕੇ ਬੈਠ ਗਏ।’’ ਕੰਗਨਾ ਨੇ ਕਿਹਾ ਕਿ ਵਿਕਰਮਾਦਿਤਿਆ ਸਿੰਘ ਉਨ੍ਹਾਂ ਦਾ ਪਿਆਰਾ ਭਰਾ ਹੈ। ਦਰਅਸਲ ਵਿਕਰਮਾਦਿਤਿਆ ਵੱਲੋਂ ਕੰਗਨਾ ’ਤੇ ਬੀਫ ਖਾਣ ਦਾ ਦੋਸ਼ ਲਾਉਣ ਤੋਂ ਬਾਅਦ ਕੰਗਨਾ ਲਗਾਤਾਰ ਉਨ੍ਹਾਂ ’ਤੇ ਹਮਲਾਵਰ ਰੁਖ਼ ਅਖਤਿਆਰ ਕਰ ਰਹੀ ਹੈ। ਕੰਗਨਾ ਨੇ ਵਿਕਰਮਾਦਿਤਿਆ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕਹਿ ਰਹੇ ਹਨ ਕਿ ਮੈਂ ਬੀਫ ਖਾਂਦੀ ਹਾਂ ਤਾਂ ਘੱਟੋ-ਘੱਟ ਉਨ੍ਹਾਂ ਕੋਲ ਇਸ ਦੀ ਕੋਈ ਵੀਡੀਓ, ਕੋਈ ਸਬੂਤ ਤਾਂ ਹੋਵੇਗਾ, ਜਾਂ ਘੱਟੋ-ਘੱਟ ਉਨ੍ਹਾਂ ਕੋਲ ਰੈਸਟੋਰੈਂਟ ਦਾ ਬਿੱਲ ਹੋਵੇ, ਜਿੱਥੋਂ ਮੈਂ ਬੀਫ ਖਾਧਾ ਹੋਵੇ, ਉਹ ਬਿਨਾਂ ਕਿਸੇ ਸਬੂਤ ਦੇ ਝੂਠੇ-ਸੱਚੇ ਦੋਸ਼ ਲਾ ਰਹੇ ਹਨ। ਕੰਗਨਾ ਨੇ ਕਿਹਾ ਕਿ ਬੇਟੀਆਂ ਬਾਰੇ ਇਤਰਾਜ਼ਯੋਗ ਗੱਲ ਕੀਤੀ ਤਾਂ ਕਾਂਗਰਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।
ਇਸ ਦਰਮਿਆਨ ਵਿਕਰਮਾਦਿਤਿਆ ਨੇ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ’ਤੇ ਲਿਖਿਆ ਕਿ ਸਾਡੇ ਕੋਲੋਂ ਮਾਸ ਖਾਣ ਦਾ ਸਬੂਤ ਮੰਗਣ ਵਾਲੇ ਆਪਣੇ 2019 ਦੇ ਟਵਿੱਟਰ ਹੈਂਡਲ ’ਤੇ ਨਜ਼ਰ ਮਾਰ ਲੈਣ, ਮਨਾਲੀ ’ਚ ਮਨਾਲੀ ਦੇ ਵਿਕਾਸ ਦੇ ਮੁੱਦਿਆਂ ’ਤੇ ਗੱਲ ਹੋਵੇਗੀ। ਮਨਾਲੀ ਦੀ ਸੂਝਵਾਨ ਜਨਤਾ ਪੁੱਛ ਰਹੀ ਹੈ ਕਿ ਜਦੋਂ ਮਨਾਲੀ ’ਚ ਆਫਤ ਆਈ ਸੀ, ਉਸ ਵੇਲੇ ਕੰਗਨਾ ਕਿੱਥੇ ਸੀ। ਇਸ ਤੋਂ ਪਹਿਲਾਂ ਵਿਕਰਮਾਦਿਤਿਆ ਨੇ ਇਕ ਵੀਡੀਓ ਪੋਸਟ ਕਰ ਕੇ ਕੰਗਨਾ ਦੀ ਭਾਸ਼ਾ ’ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਹਿਮਾਚਲ ਵਰਗੀ ਦੇਵਭੂਮੀ ’ਚ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਇਸ ਸਦੀ ਦੀ ਸਭ ਤੋਂ ਵੱਡੀ ਆਫ਼ਤ ਮੰਡੀ ’ਚ ਆਈ ਪਰ ਉਹ ਇਸ ਆਫ਼ਤ ਸਮੇਂ ਇਕ ਦਿਨ ਵੀ ਇਸ ਇਲਾਕੇ ’ਚ ਨਹੀਂ ਆਈ। ਅਸੀਂ ਤਾਂ ਗ੍ਰਾਊਂਡ ’ਤੇ ਕੰਮ ਕਰ ਰਹੇ ਸੀ, ਅਸੀਂ ਹੀ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਹਿਮਾਚਲ ਲੈ ਕੇ ਆਏ ਅਤੇ ਹਿਮਾਚਲ ਦੇ ਮੁੱਦੇ ਉਠਾਏ ਅਤੇ ਉਨ੍ਹਾਂ ਦਾ ਹੱਲ ਕਰਵਾਇਆ। ਮੰਡੀ ਦੇ ਮੁੱਦਿਆਂ ’ਤੇ ਤੁਹਾਡਾ ਕੀ ਵਿਜ਼ਨ ਹੈ, ਇਹ ਜਨਤਾ ਨੂੰ ਦੱਸੋ। ਤੁਸੀਂ ਲੋਕਾਂ ਨੂੰ ਇਹ ਦੱਸੋ ਕਿ ਮੰਡੀ ਦੇ ਵਿਕਾਸ ਲਈ ਤੁਸੀਂ ਕੀ-ਕੀ ਕੰਮ ਕਰ ਸਕਦੇ ਹੋ। ਮੇਰੇ ਨਾਲ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਹੀ ਬਹਿਸ ਕੀਤੀ ਜਾਵੇ, ਇਹੀ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੈ।
ਆਸਾਮ ਤੇ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ : ਭਗਵੰਤ ਮਾਨ
NEXT STORY