ਹਿਸਾਰ (ਵਾਰਤਾ)— ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪਾਰਟੀ ਦੋ ਤਿਹਾਈ ਬਹੁਮਤ ਹਾਸਲ ਕਰ ਕੇ ਹਰਿਆਣਾ 'ਚ ਮੁੜ ਤੋਂ ਸਰਕਾਰ ਬਣਾਏਗੀ। ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਦੇਸ਼ ਅਤੇ ਪ੍ਰਦੇਸ਼ ਵਿਚ ਮਿਲੀ ਜਿੱਤ ਦਾ ਸਿਹਰਾ ਵਰਕਰਾਂ ਨੂੰ ਦਿੰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਕਤੂਬਰ ਮਹੀਨੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁੱਟ ਜਾਣ ਦੀ ਅਪੀਲ ਕੀਤੀ। ਖੱਟੜ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਵਰਕਰਾਂ ਨੇ ਖੂਨ-ਪਸੀਨੇ ਨਾਲ ਹਰਿਆਣਾ ਵਿਚ ਸਾਰੀਆਂ 10 ਥਾਵਾਂ 'ਤੇ ਪਾਰਟੀ ਨੂੰ ਜਿੱਤ ਦਿਵਾਈ।
ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਵਿਚ ਰੋਟੀ, ਕੱਪੜਾ ਅਤੇ ਮਕਾਨ ਦਾ ਨਾਅਰਾ ਚੱਲਦਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਸਾਲ ਵਿਚ ਬਹੁਤ ਹੱਦ ਤਕ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 2022 ਤਕ ਹਰ ਪਰਿਵਾਰ ਨੂੰ ਛੱਤ ਦੇਣ ਦਾ ਵਾਅਦਾ ਵੀ ਪੂਰਾ ਹੋ ਜਾਵੇਗਾ। ਹੁਣ 24 ਘੰਟੇ ਬਿਜਲੀ, ਨਵੀਂਆਂ ਸੜਕਾਂ ਅਤੇ ਸਾਫ ਪਾਣੀ ਜਨਤਾ ਨੂੰ ਉਪਲੱਬਧ ਕਰਵਾਉਣਾ ਮੁੱਖ ਏਜੰਡਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਦੇਸ਼ ਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ, ਜਿੱਥੇ 15 ਘੰਟੇ ਤੋਂ ਘੱਟ ਬਿਜਲੀ ਆਉਂਦੀ ਹੋਵੇ। ਸੈਂਕੜੇ ਪਿੰਡਾਂ ਨੂੰ ਤਾਂ 24 ਘੰਟੇ ਬਿਜਲੀ ਮਿਲ ਰਹੀ ਹੈ। ਖੱਟੜ ਨੇ ਕਿਹਾ ਕਿ ਛੇਤੀ ਹੀ ਪ੍ਰਦੇਸ਼ ਦੇ ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਦੇਣ ਦਾ ਕੰਮ ਪੂਰਾ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਜਿਨ੍ਹਾਂ ਪਿੰਡਾਂ ਵਿਚ ਪੀਣ ਵਾਲਾ ਸਾਫ ਪਾਣੀ ਪਹੁੰਚਣ 'ਚ ਕਮੀ ਰਹਿ ਗਈ ਹੈ, ਉੱਥੇ ਵੀ ਛੇਤੀ ਇਹ ਕੰਮ ਪੂਰਾ ਹੋ ਜਾਵੇਗਾ। ਬਸ ਇੰਨਾ ਹੀ ਨਹੀਂ ਪਿਛਲੇ ਸਾਢੇ 4 ਸਾਲ ਵਿਚ ਜਿੰਨੀਆਂ ਸੜਕਾਂ ਦੀ ਡਿਮਾਂਡ ਆਈ, ਉਨ੍ਹਾਂ ਸਾਰੀਆਂ ਸੜਕਾਂ ਨੂੰ ਬਣਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਖੇਤਰ 'ਚ ਕਿਤੇ ਸੜਕ ਦੀ ਕਮੀ ਹੈ ਤਾਂ ਉਸ ਦੀ ਸੂਚੀ ਤਿਆਰ ਕੀਤੀ ਜਾਵੇ, ਤਾਂ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਪੂਰਾ ਕਰਵਾਇਆ ਜਾ ਸਕੇ।
ਘੱਟ ਹੋਈ ਪ੍ਰੀ-ਮਾਨਸੂਨ ਬਾਰਿਸ਼, ਅੱਧੇ ਤੋਂ ਜ਼ਿਆਦਾ ਭਾਰਤ 'ਚ ਵਧਿਆ ਸੋਕੇ ਦਾ ਖਤਰਾ
NEXT STORY