ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਮੂਰਤੀਆਂ 'ਤੇ ਹੋਏ ਖਰਚੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਜਵਾਬ ਦਾਖਲ ਕੀਤਾ ਹੈ। ਆਪਣੇ ਹਲਫਨਾਮੇ 'ਚ ਮਾਇਆਵਤੀ ਨੇ ਕਿਹਾ ਕਿ ਹਾਥੀਆਂ ਤੋਂ ਇਲਾਵਾ ਉਨ੍ਹਾਂ ਦੇ ਸਟੈਚੂ ਨੂੰ ਲਗਾਉਣ ਤੋਂ ਪਹਿਲਾਂ ਪ੍ਰਕਿਰਿਆ ਦੀ ਪਾਲਣਾ ਕੀਤੀ ਗਈ ਸੀ ਅਤੇ ਲੋਕਾਂ ਦੀ ਇੱਛਾ ਸੀ ਕਿ ਉਨ੍ਹਾਂ ਦੀਆਂ ਮੂਰਤੀਆਂ ਲੱਗਣੀਆਂ ਚਾਹੀਦੀਆਂ ਹਨ।
ਮੇਰੀਆਂ ਮੂਰਤੀਆਂ ਲੱਗਣ ਕਾਂਸ਼ੀਰਾਮ ਤੇ ਲੋਕਾਂ ਦੀ ਇੱਛਾ ਸੀ
ਮਾਇਆਵਤੀ ਨੇ ਆਪਣੇ ਹਲਫਨਾਮੇ 'ਚ ਕਿਹਾ,''ਇਹ ਲੋਕਾਂ ਦੀ ਇੱਛਾ ਸੀ।'' ਮਾਇਆਵਤੀ ਨੇ ਮੂਰਤੀਆਂ 'ਤੇ ਖਰਚ ਕੀਤੀ ਗਈ ਸਰਕਾਰੀ ਰਕਮ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ 'ਚ ਚਰਚਾ ਤੋਂ ਬਾਅਦ ਮੂਰਤੀਆਂ ਲਗਾਈਆਂ ਗਈਆਂ ਅਤੇ ਇਸ ਲਈ ਬਕਾਇਦਾ ਸਦਨ ਤੋਂ ਬਜਟ ਵੀ ਪਾਸ ਕਰਵਾਇਆ ਗਿਆ ਸੀ।'' ਮਾਇਆਵਤੀ ਨੇ ਆਪਣੇ ਹਲਫਨਾਮੇ 'ਚ ਕਿਹਾ ਹੈ ਕਿ ਉਨ੍ਹਾਂ ਦੀਆਂ ਮੂਰਤੀਆਂ ਲਗਾਉਣਾ ਲੋਕਾਂ ਦੀ ਇੱਛਾ ਸੀ। ਨਾਲ ਹੀ ਇਹ ਬਸਪਾ ਦੇ ਸੰਸਥਾਪਕ ਕਾਂਸ਼ੀਰਾਮ ਦੀ ਵੀ ਇੱਛਾ ਸੀ। ਮਾਇਆਵਤੀ ਨੇ ਕਿਹਾ ਕਿ ਦਲਿਤ ਅੰਦੋਲਨ 'ਚ ਉਨ੍ਹਾਂ ਦੇ ਯੋਗਦਾਨ ਕਾਰਨ ਮੂਰਤੀਆਂ ਲਗਵਾਈਆਂ ਗਈਆਂ। ਅਜਿਹੇ 'ਚ ਪੈਸੇ ਵਾਪਸ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਹੈ।
ਮਾਇਆ ਨੂੰ ਮੂਰਤੀਆਂ 'ਤੇ ਹੋਏ ਖਰਚ ਨੂੰ ਅਦਾ ਕਰਨਾ ਚਾਹੀਦਾ
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਪੁੱਛਿਆ ਸੀ ਕਿ ਕੀ ਮੂਰਤੀਆਂ 'ਤੇ ਹੋਏ ਖਰਚ ਨੂੰ ਮਾਇਆਵਤੀ ਤੋਂ ਵਸੂਲਿਆ ਜਾਣਾ ਚਾਹੀਦਾ। 8 ਫਰਵਰੀ ਨੂੰ ਕੇਸ ਦੀ ਸੁਣਵਾਈ ਕਰਦੇ ਹੋਏ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ ਕਿ ਕੋਰਟ ਦਾ ਵਿਚਾਰ ਹੈ ਕਿ ਮਾਇਆਵਤੀ ਨੂੰ ਮੂਰਤੀਆਂ 'ਤੇ ਹੋਏ ਖਰਚ ਨੂੰ ਆਪਣੇ ਕੋਲੋਂ ਸਰਕਾਰੀ ਖਜ਼ਾਨੇ 'ਚ ਅਦਾ ਕਰਨਾ ਚਾਹੀਦਾ। ਮਾਇਆਵਤੀ ਵਲੋਂ ਸਤੀਸ਼ ਚੰਦਰ ਮਿਸ਼ਰਾ ਕੇਸ ਦੀ ਪੈਰਵੀ ਕਰ ਰਹੇ ਹਨ। ਇਸ ਮਾਮਲੇ 'ਚ ਪਟੀਸ਼ਨਕਰਤਾ ਰਵੀਕਾਂਤ ਨੇ ਮਾਇਆਵਤੀ ਅਤੇ ਹਾਥੀ ਦੀਆਂ ਮੂਰਤੀਆਂ ਦੇ ਨਿਰਮਾਣ 'ਤੇ ਹੋਏ ਖਰਚ ਨੂੰ ਬਸਪਾ ਤੋਂ ਵਸੂਲਣ ਦੀ ਮੰਗ ਕੀਤੀ ਸੀ। ਇਹ ਜਨਹਿੱਤ ਪਟੀਸ਼ਨ ਸਾਲ 2009 'ਚ ਦਾਖਲ ਕੀਤੀ ਗਈ ਸੀ।
2008-09 ਦੌਰਾਨ ਸਰਕਾਰੀ ਖਜ਼ਾਨੇ 'ਚੋਂ ਕਰੋੜਾਂ ਰੁਪਏ ਖਰਚੇ
ਰਵੀਕਾਂਤ ਨੇ 2009 'ਚ ਦਾਇਰ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਜਨਤਕ ਧਨ ਦੀ ਵਰਤੋਂ ਆਪਣੀਆਂ ਮੂਰਤੀਆਂ ਬਣਵਾਉਣ ਅਤੇ ਸਿਆਸੀ ਦਲ ਦਾ ਪ੍ਰਚਾਰ ਕਰਨ ਲਈ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਕਿਹਾ ਕਿ ਇਸ ਪਟੀਸ਼ਨ 'ਤੇ ਵਿਸਥਾਰ ਨਾਲ ਸੁਣਵਾਈ 'ਚ ਸਮਾਂ ਲੱਗੇਗਾ, ਇਸ ਲਈ ਇਸ ਨੂੰ ਅਪ੍ਰੈਲ ਨੂੰ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵਾਤਾਵਰਣ ਨੂੰ ਲੈ ਕੇ ਜ਼ਾਹਰ ਕੀਤੀ ਗਈ ਚਿੰਤਾ ਨੂੰ ਦੇਖਦੇ ਹੋਏ ਇਸ ਮਾਮਲੇ 'ਚ ਕਈ ਅੰਤਰਿਮ ਆਦੇਸ਼ ਅਤੇ ਨਿਰਦੇਸ਼ ਦਿੱਤੇ ਸਨ। ਚੋਣ ਕਮਿਸ਼ਨ ਨੂੰ ਵੀ ਨਿਰਦੇਸ਼ ਦਿੱਤੇ ਗਏ ਸਨ ਕਿ ਚੋਣਾਂ ਦੌਰਾਨ ਇਨ੍ਹਾਂ ਹਾਥੀਆਂ ਨੂੰ ਢੱਕਿਆ ਜਾਵੇ। ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਹੈ ਕਿ ਮਾਇਆਵਤੀ ਵਲੋਂ ਇਨ੍ਹਾਂ ਮੂਰਤੀਆਂ ਦੇ ਨਿਰਮਾਣ 'ਤੇ 2008-09 ਦੌਰਾਨ ਸਰਕਾਰੀ ਖਜ਼ਾਨੇ ਤੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਅੱਜ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 'ਤੇ ਲੱਗੇਗੀ ਮੋਹਰ!
NEXT STORY