ਕੋਲਮ (ਕੇਰਲਮ), (ਏਜੰਸੀ)–ਕੇਰਲਮ ਦੇ ਮੁੱਖ ਮੰਤਰੀ ਵੀ. ਡੀ. ਸਤੀਸ਼ਨ ਨੇ ਕਿਹਾ ਹੈ ਕਿ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਤੇ ਸੁਰੱਖਿਆ ਲਈ ਸੂਬਾ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਤਹਿਤ ਮਾਪਿਆਂ ਦੀ ਜਾਇਦਾਦ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਅਣਦੇਖੀ ਜਾਂ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ।
ਮੁੱਖ ਮੰਤਰੀ ਨੇ ਇਕ ਦਿਨ ਪਹਿਲਾਂ ਇੱਥੇ ਗਾਂਧੀ ਭਵਨ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਬਜ਼ੁਰਗ ਨਿਵਾਸ ਕੇਂਦਰ ‘ਪਿਤ੍ਰਮੰਦਿਰਮ’ ਦਾ ਉਦਘਾਟਨ ਕਰਨ ਤੋਂ ਬਾਅਦ ਅਕਤੂਬਰ ਵਿਚ ਪਾਸ ਕੀਤੇ ਗਏ ਇਸ ਕਾਨੂੰਨ ਦੀ ਵਿਵਸਥਾ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਸੰਯੁਕਤ ਲੋਕਤੰਤਰੀ ਮੋਰਚੇ (ਯੂ. ਡੀ. ਐੱਫ.) ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਫ਼ੈਸਲਾ ਬਜ਼ੁਰਗ ਨਾਗਰਿਕਾਂ ਲਈ ਇਕ ਵੱਖਰਾ ਵਿਭਾਗ ਬਣਾਉਣ ਦਾ ਕੀਤਾ ਸੀ। ਇਹ ਦੇਸ਼ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਵਿਭਾਗ ਹੈ।
ਸਤੀਸ਼ਨ ਨੇ ਕਿਹਾ,‘‘ਮੇਰੀ ਸਰਕਾਰ ਨੇ ਇਕ ਅਜਿਹਾ ਕਾਨੂੰਨ ਵੀ ਪਾਸ ਕੀਤਾ ਹੈ, ਜਿਸ ਦੀ ਮਿਸਾਲ ਦੁਨੀਆ ਵਿਚ ਕਿਤੇ ਹੋਰ ਨਹੀਂ ਮਿਲਦੀ ਅਤੇ ਜੋ ਬਜ਼ੁਰਗਾਂ ਨੂੰ ਕਈ ਅਧਿਕਾਰ ਦਿੰਦਾ ਹੈ। ਤੁਹਾਨੂੰ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮੈਂ ਜਾਣ-ਬੁੱਝ ਕੇ ਕਾਨੂੰਨ ਵਿਚ ਇਕ ਅਜਿਹੀ ਵਿਵਸਥਾ ਸ਼ਾਮਲ ਕੀਤੀ ਹੈ, ਜਿਸ ਤਹਿਤ ਮਾਪਿਆਂ ਦੀ ਸਾਰੀ ਜਾਇਦਾਦ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੀ ਅਣਦੇਖੀ ਕਰਨ ਵਾਲੇ ਬੱਚਿਆਂ ਲਈ ਜੇਲ ਦੀ ਸਜ਼ਾ ਲਾਜ਼ਮੀ ਕੀਤੀ ਗਈ ਹੈ।’’
ਉਨ੍ਹਾਂ ਕਿਹਾ ਕਿ ਰਾਜਪਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਦੋਂ ਇਹ ਬਿੱਲ ਕਾਨੂੰਨ ਬਣ ਜਾਵੇਗਾ ਤਾਂ ਜਾਇਦਾਦ ਹੜੱਪਣ ਤੋਂ ਬਾਅਦ ਮਾਪਿਆਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਯਕੀਨੀ ਤੌਰ ’ਤੇ ਜੇਲ ਭੇਜਿਆ ਜਾਵੇਗਾ।
ਸੀਟਾਂ ਦੀ ਵੰਡ ਨੂੰ ਲੈ ਕੇ ਸਪਾ ਤੇ ਕਾਂਗਰਸ ਦਰਮਿਆਨ ਅਧੂਰੀ ਰਹੀ ਗੱਲਬਾਤ, ਜਲਦੀ ਹੋਵੇਗੀ ਅਗਲੀ ਮੀਟਿੰਗ
NEXT STORY