ਭੋਪਾਲ, (ਭਾਸ਼ਾ)- ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਮੰਗਲਵਾਰ ਸੂਬੇ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿੱਚ ਸੂਬੇ ਦੇ ਸਾਰੇ ਨਾਗਰਿਕਾਂ ਲਈ 25-25 ਲੱਖ ਰੁਪਏ ਦਾ ਸਿਹਤ ਬੀਮਾ ਕਰਨ, ਹੋਰਨਾਂ ਪਛੜੇ ਵਰਗਾਂ (ਓ.ਬੀ.ਸੀ.) ਲਈ 27 ਫੀਸਦੀ ਰਾਖਵਾਂਕਰਨ ਕਰਨ ਅਤੇ ਸੂਬੇ ਦੀ ਇੱਕ ਆਈ.ਪੀ. ਐਲ. ਟੀਮ ਬਣਾਉਣ ਸਮੇਤ ਕਈ ਵਾਅਦੇ ਕੀਤੇ ਗਏ ਹਨ।
ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਆਪਣੇ 106 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ 59 ਵਾਅਦੇ ਕੀਤੇ ਹਨ। ਇਨ੍ਹਾਂ ਵਿੱਚ ਕਿਸਾਨਾਂ, ਔਰਤਾਂ ਅਤੇ ਸਰਕਾਰੀ ਕਰਮਚਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਲਈ ਭਰੋਸੇ ਸ਼ਾਮਲ ਹਨ।
ਮੈਨੀਫੈਸਟੋ ਨੂੰ ਜਾਰੀ ਕਰਦੇ ਹੋਏ ਕਮਲਨਾਥ ਨੇ ਕਿਹਾ ਕਿ ਅਸੀਂ ਸਾਰੇ ਲੋਕਾਂ ਨੂੰ 25-25 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰਾਂਗੇ। ਇਸ ਵਿੱਚ 10 ਲੱਖ ਰੁਪਏ ਦਾ ਦੁਰਘਟਨਾ ਕਵਰ ਵੀ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਵੀ ਹੋਵੇਗੀ। ਉਨ੍ਹਾਂ 2 ਲੱਖ ਰੁਪਏ ਤੱਕ ਦੇ ਖੇਤੀ ਕਰਜ਼ੇ ਮੁਆਫ਼ ਕਰਨ ਅਤੇ ਔਰਤਾਂ ਨੂੰ 15-15 ਸੌ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਕੀਤਾ।
ਉਨ੍ਹਾਂ 500 ਰੁਪਏ ਵਿੱਚ ਐੱਲ. ਪੀ. ਜੀ. ਸਿਲੰਡਰ ਦੇਣ, ਸਕੂਲੀ ਸਿੱਖਿਆ ਮੁਫ਼ਤ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਨੌਜਵਾਨਾਂ ਨੂੰ ਦੋ ਸਾਲਾਂ ਤੱਕ 1500 ਤੋਂ 3000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਕੀਤਾ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਲਈ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ।
ਸਡਾਣਾ ਬ੍ਰਦਰਜ਼ 'ਤੇ ਹੈ ਗੁਰੂ ਜੀ ਦੀ ਕਿਰਪਾ, ਰੂਹ ਨਾਲ ਤਿਆਰ ਕਰਦੇ ਨੇ ਰੁਮਾਲਾ ਸਾਹਿਬ, ਵੇਖੋ ਵੀਡੀਓ
NEXT STORY