ਮੁਜ਼ੱਫਰਨਗਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ 2013 ਦੇ ਫਿਰਕੂ ਦੰਗਿਆਂ ਨੂੰ 8 ਸਾਲ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਤਲ, ਜਬਰ-ਜ਼ਿਨਾਹ, ਡਕੈਤੀ ਅਤੇ ਅਗਜ਼ਨੀ ਨਾਲ ਸਬੰਧਤ 97 ਮਾਮਲਿਆਂ ’ਚ 1,117 ਲੋਕ ਸਬੂਤਾਂ ਦੀ ਘਾਟ ਕਾਰਨ ਬਰੀ ਹੋ ਗਏ। ਇਨ੍ਹਾਂ 8 ਸਾਲਾਂ ਵਿਚ ਸਿਰਫ਼ 7 ਲੋਕ ਦੋਸ਼ੀ ਕਰਾਰ ਦਿੱਤੇ ਗਏ। ਇਨ੍ਹਾਂ ਲੋਕਾਂ ਨੂੰ ਕਵਾਲ ਪਿੰਡ ਵਿਚ ਸਚਿਨ ਅਤੇ ਗੌਰਵ ਨਾਮੀ ਦੋ ਨੌਜਵਾਨਾਂ ਦੇ ਕਤਲ ਨਾਲ ਜੁੜੇ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਦੋ ਨੌਜਵਾਨਾਂ ਦਾ ਕਤਲ ਅਤੇ 27 ਅਗਸਤ 2013 ਨੂੰ ਸ਼ਾਹਨਵਾਜ਼ ਨਾਮੀ ਇਕ ਹੋਰ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਤੋਂ ਬਾਅਦ ਦੰਗੇ ਭੜਕ ਗਏ ਸਨ।
ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਸੂਬਾਈ ਸਰਕਾਰ ਵਲੋਂ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਸੀ। ਐੱਸ. ਆਈ. ਟੀ. ਦੇ ਅਧਿਕਾਰੀਆਂ ਮੁਤਾਬਕ ਪੁਲਸ ਨੇ 1,480 ਲੋਕਾਂ ਖ਼ਿਲਾਫ਼ 510 ਮਾਮਲੇ ਦਰਜ ਕੀਤੇ ਅਤੇ 175 ਮਾਮਲਿਆਂ ਵਿਚ ਦੋਸ਼ ਪੱਤਰ ਦਾਇਰ ਕੀਤਾ। ਐੱਸ. ਆਈ. ਟੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ 97 ਮਾਮਲਿਆਂ ਵਿਚ ਅਦਾਲਤ ਨੇ ਫ਼ੈਸਲਾ ਕੀਤਾ ਅਤੇ 1,117 ਲੋਕਾਂ ਨੂੰ ਸਬੂਤਾਂ ਦੀ ਘਾਟ ’ਚ ਬਰੀ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਇਨ੍ਹਾਂ ਮਾਮਲਿਆਂ ਵਿਚ ਅਪੀਲ ਦਾਇਰ ਨਹੀਂ ਕੀਤੀ ਹੈ।
ਕਵਾਲ ਪਿੰਡ ’ਚ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿਚ 7 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐੱਸ. ਆਈ. ਟੀ. 20 ਮਾਮਲਿਆਂ ਵਿਚ ਦੋਸ਼ ਪੱਤਰ ਦਾਇਰ ਕਰ ਨਹੀਂ ਸਕੀ ਕਿਉਂਕਿ ਸੂਬਾ ਸਰਕਾਰ ਵਲੋਂ ਉਸ ਨੂੰ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਮਿਲੀ। ਇਸ ਦਰਮਿਆਨ ਉੱਤਰ ਪ੍ਰਦੇਸ਼ ਸਰਕਾਰ ਨੇ ਦੰਗਿਆਂ ਨਾਲ ਜੁੜੇ 77 ਮਾਮਲਿਆਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਰਾਣਾ, ਭਾਜਪਾ ਵਿਧਾਇਕ ਸੰਗੀਤ ਸੋਮ ਸਮੇਤ 12 ਭਾਜਪਾ ਵਿਧਾਇਕਾਂ ਖ਼ਿਲਾਫ਼ ਸਿਰਫ਼ ਇਕ ਮਾਮਲਾ ਵਾਪਸ ਲੈਣ ਦੀ ਆਗਿਆ ਦਿੱਤੀ ਹੈ। ਐੱਸ. ਆਈ. ਟੀ. ਦੇ ਅਧਿਕਾਰੀਆਂ ਮੁਤਾਬਕ 264 ਦੋਸ਼ੀ ਅਜੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਦੰਗਿਆਂ ’ਚ 60 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 40 ਹਜ਼ਾਰ ਤੋਂ ਵਧੇਰੇ ਲੋਕ ਬੇਘਰ ਹੋ ਗਏ ਸਨ।
ਅਫ਼ਗਾਨਿਸਤਾਨ ਤੋਂ ਲਿਆਂਦੇ ਗਏ 78 ਲੋਕਾਂ ਨੂੰ ITBP ਇਕਾਂਤਵਾਸ ਕੇਂਦਰ ’ਚੋਂ ਮਿਲੀ ਛੁੱਟੀ
NEXT STORY