ਜੀਂਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਅਤੇ ਸੋਨੀਪਤ ਵਿਚਕਾਰ ਚੱਲਣ ਵਾਲੀ ਭਾਰਤ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟਰੇਨ ਸ਼ੁਰੂ ਕਰਨ ਵਾਲਾ ਭਾਰਤ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ। ਇਸ ਨੂੰ ਰੇਲਵੇ ਖੇਤਰ 'ਚ ਇਕ ਸਾਫ਼ ਅਤੇ ਟਿਕਾਊ ਆਵਾਜਾਈ ਪ੍ਰਣਾਲੀ ਨੂੰ ਅਪਣਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ। ਇਹ ਰੇਲਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ 89 ਕਿਲੋਮੀਟਰ ਦੀ ਦੂਰੀ 2 ਘੰਟਿਆਂ 'ਚ ਤੈਅ ਕਰੇਗੀ। ਇਸ ਦੌਰਾਨ ਇਹ 12 ਸਟੇਸ਼ਨਾਂ 'ਤੇ ਰੁਕੇਗੀ। ਜੀਂਦ ਅਤੇ ਸੋਨੀਪਤ ਵਿਚਾਲੇ ਚੱਲਣ ਵਾਲੀ ਇਸ ਯਾਤਰੀ ਟਰੇਨ 'ਚ 2600 ਲੋਕ ਸਫ਼ਰ ਕਰ ਸਕਣਗੇ।
ਜੀਂਦ ਰੇਲਵੇ ਸਟੇਸ਼ਨ 'ਤੇ ਉਦਘਾਟਨ ਸਮਾਰੋਹ 'ਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਕਈ ਦਿੱਗਜ ਸ਼ਾਮਲ ਹੋਏ। ਜੀਂਦ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਦੇ ਰਵਾਨਾ ਹੁੰਦੇ ਹੀ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਸਾਰਿਆਂ ਦਾ ਸਵਾਗਤ ਕੀਤਾ। ਇਸ ਟਰੇਨ 'ਚ ਵੱਡੀ ਗਿਣਤੀ 'ਚ ਸਕੂਲੀ ਬੱਚੇ ਵੀ ਸਵਾਰ ਸਨ। ਰੇਲਗੱਡੀ ਨੂੰ ਪੂਰੀ ਤਰ੍ਹਾਂ ਭਾਰਤ 'ਚ ਡਿਜ਼ਾਈਨ, ਵਿਕਸਿਤ ਅਤੇ ਅਸੈਂਬਲ ਕੀਤਾ ਗਿਆ ਹੈ। ਇਸ ਨੂੰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਜੋ ਕਿ ਉੱਨਤ ਰੇਲਵੇ ਇੰਜੀਨੀਅਰਿੰਗ 'ਚ ਦੇਸ਼ ਦੀਆਂ ਵਧਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਅਸਮਾਨੀ ਨੀਲੇ ਅਤੇ ਚਿੱਟੇ ਰੰਗ ਦੀ ਆਕਰਸ਼ਕ ਡਿਜ਼ਾਈਨ ਵਾਲੀ ਇਹ ਟਰੇਨ 'ਹਾਈਡ੍ਰੋਜਨ ਫਿਊਲ ਸੈੱਲ' ਤਕਨਾਲੋਜੀ ਨਾਲ ਸੰਚਾਲਿਤ ਹੁੰਦੀ ਹੈ। ਇਸ ਤਕਨੀਕ 'ਚ ਹਾਈਡ੍ਰੋਜਨ ਨੂੰ ਬਿਜਲੀ 'ਚ ਬਦਲਿਆ ਜਾਂਦਾ ਹੈ, ਜਿਸ ਨਾਲ ਟਰੇਨ ਨੂੰ ਚਲਾਉਣ ਲਈ ਜ਼ਰੂਰੀ ਊਰਜਾ ਪ੍ਰਾਪਤ ਹੁੰਦੀ ਹੈ। ਇਸ ਪ੍ਰਕਿਰਿਆ 'ਚ ਅਵਸ਼ੇਸ਼ ਵਜੋਂ ਸਿਰਫ਼ ਪਾਣੀ ਦੀ ਭਾਫ਼ ਨਿਕਲਦੀ ਹੈ, ਜਿਸ ਦੌਰਾਨ ਕਾਰਬਨ ਦਾ ਨਿਕਾਸ ਬਿਲਕੁੱਲ ਨਹੀਂ ਹੁੰਦਾ ਹੈ। ਡੀਜ਼ਲ ਟਰੇਨਾਂ ਦੀ ਤੁਲਨਾ 'ਚ ਹਾਈਡ੍ਰੋਜਨ ਨਾਲ ਚੱਲਣ ਵਾਲੀਆਂ ਟਰੇਨਾਂ ਤੋਂ ਗੈਸਾਂ ਦਾ ਨਿਕਾਲ ਨਹੀਂ ਹੁੰਦਾ, ਇਹ ਜੈਵਿਕ ਈਂਧਣ ਅਤੇ ਉਸ ਦੇ ਆਯਾਤ 'ਤੇ ਨਿਰਭਰਤਾ ਘਟਾਉਂਦੀ ਹੈ ਅਤੇ ਘੱਟ ਆਵਾਜ਼ ਨਾਲ ਸੰਚਾਲਿਤ ਹੁੰਦੀ ਹੈ।
ਬਿਜਲੀ ਨਾਲ ਚੱਲਣ ਵਾਲੀਆਂ ਰਵਾਇਤੀ ਟਰੇਨਾਂ ਦੇ ਉਲਟ, ਉਸ ਟਰੇਨ ਦੇ ਸੰਚਾਲਨ ਨੂੰ ਪੂਰੀ ਰੇਲ ਲਾਈਨ 'ਤੇ ਓਵਰਹੈੱਡ ਬਿਜਲੀਕਰਨ ਬੁਨਿਆਦੀ ਢਾਂਚੇ ਦੀ ਲੋੜ ਨਹੀਂ ਹੁੰਦੀ। ਇਸ 'ਚ ਹਾਈਡ੍ਰੋਜਨ ਫਿਊਲ ਸੈੱਲ ਦੇ ਮਾਧਿਅਮ ਨਾਲ ਟਰੇਨ ਦੇ ਅੰਦਰ ਹੀ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਨਾਲ ਸਵੱਛ ਅਤੇ ਵੱਧ ਕੁਸ਼ਲਤ ਆਵਾਜਾਈ ਵਿਕਲਪ ਬਣ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ : ਜਾਣੋ ਕਿਸ ਤਰ੍ਹਾਂ ਕਰੇਗੀ ਕੰਮ
NEXT STORY