ਨਵੀਂ ਦਿੱਲੀ– ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵਿਰੋਧ ਖ਼ਤਮ ਕਰਨ ਅਤੇ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਅੜਿੱਕੇ ਦਾ ਹੱਲ ਕੱਢਿਆ ਜਾ ਸਕੇ। ਤੋਮਰ ਨੇ ਕਿਹਾ ਕਿ ਪੰਜਾਬ ਸਮੇਤ ਸਾਰੇ ਕਿਸਾਨ ਭਰਾਵਾਂ ਦੇ ਮਨ ’ਚ ਨਵੇਂ ਕਾਨੂੰਨਾਂ ਨੂੰ ਲੈ ਕੇ ਭਰਮ ਪੈਦਾ ਹੋਇਆ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਅੰਦੋਲਨ ਨੂੰ ਤਿਆਗ ਕੇ ਸਰਕਾਰ ਨਾਲ ਗੱਲਬਾਤ ਦੇ ਸੱਦੇ ’ਤੇ ਆਉਣ। ਮੈਨੂੰ ਉਮੀਦ ਹੈ ਕਿ ਕਿਸਾਨ ਨਵੇਂ ਕਾਨੂੰਨ ਦੇ ਮਹੱਤਵ ਨੂੰ ਸਮਝਣਗੇ ਅਤੇ ਅਸੀਂ ਮੁੱਦੇ ਦਾ ਜਲਦੀ ਹੱਲ ਕਰ ਸਕਾਂਗੇ।
ਤੋਮਰ ਨੇ ਕਿਹਾ ਕਿ ਸਰਕਾਰ ਖੇਤੀ ਦੇ ਖੇਤਰ ’ਚ ਸੁਧਾਰ ਜਾਰੀ ਰੱਖੇਗੀ ਕਿਉਂਕਿ ਅਜੇ ਵੀ ਕਈ ਖੇਤਰਾਂ ’ਚ ਸੁਧਾਰ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਨੇ ਇਹ ਉਮੀਦ ਵੀ ਜਤਾਈ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਖ਼ਦਸ਼ਿਆਂ ਦੇ ਹੱਲ ਲਈ ਅੰਦੋਲਨ ਕਰ ਰਹੇ ਕਿਸਾਨ ਜਲਦ ਹੀ ਕੇਂਦਰ ਨਾਲ ਫਿਰ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅੰਦੋਲਨ ਦਾ ਹੱਲ ਸਿਰਫ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ ਹੈ, ਇਤਿਹਾਸ ਇਸ ਦਾ ਗਵਾਹ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਦੌਰ ਦੀ ਗੱਲਬਾਤ ਲਈ ਤਾਰੀਖ਼ ਅਤੇ ਸਮਾਂ ਤੈਅ ਕਰਨ। ਤੋਮਰ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕਿਸਾਨ ਸੰਗਠਨ ਗੱਲਬਾਤ ਕਰਨਗੇ। ਜੇਕਰ ਉਹ ਇਕ ਤਾਰੀਖ਼ ਅਤੇ ਸਮਾਂ ਤੈਅ ਕਰਦੇ ਹਨ ਤਾਂ ਸਰਕਾਰ ਅਗਲੇ ਦੌਰ ਦੀ ਗੱਲਬਾਤ ਲਈ ਤਿਆਰ ਹੈ। ਮੈਨੂੰ ਉਮੀਦ ਹੈ ਕਿ ਅਸੀਂ ਹੱਲ ਦੇ ਰਸਤੇ ’ਤੇ ਅੱਗੇ ਵਧਾਂਗੇ।
ਉਨ੍ਹਾਂ ਕਿਹਾ ਕਿ ਇਤਿਹਾਸ ਇਸ ਦੀ ਗਵਾਹੀ ਦਿੰਦਾ ਹੈ ਕਿ ਪ੍ਰਦਰਸ਼ਨ ਚਾਹੇ ਕਿੰਨਾ ਵੀ ਲੰਬਾ ਚੱਲਿਆ ਹੋਵੇ ਅਤੇ ਮਜ਼ਬੂਤ ਹੋਵੇ, ਉਸ ਦੀ ਸਮਾਪਤੀ ਜਾਂ ਹੱਲ ਸਿਰਫ ਗੱਲਬਾਤ ਰਾਹੀਂ ਹੀ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਸਰਕਾਰ ਦੇ ਸੱਦੇ ’ਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਉਸ ਵਿਚ ਕੀ ਜੋੜਿਆ ਜਾਂ ਹਟਾਇਆ ਜਾਣਾ ਚਾਹੀਦਾ ਹੈ।
ਕਿਸਾਨ ਅੰਦੋਲਨ: ਪੀ.ਐੱਮ. ਮੋਦੀ ਦੇ ਦੋਸ਼ਾਂ ਤੋਂ ਨਾਰਾਜ਼ 11 ਵਿਰੋਧੀ ਦਲਾਂ ਨੇ ਪੁੱਛਿਆ- ਕੌਣ ਫੈਲਾ ਰਿਹੈ ਝੂਠ?
NEXT STORY