ਬਹਿਰਾਈਚ (ਉੱਤਰ ਪ੍ਰਦੇਸ਼)- ਭਾਰਤ-ਨੇਪਾਲ ਸਰਹੱਦ ’ਤੇ ਘੁਸਪੈਠ ਦੀ ਖੁਫੀਆ ਜਾਣਕਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਲੱਗਭਗ 35 ਤੋਂ 37 ਪਾਕਿਸਤਾਨੀ ਅਤੇ ਬੰਗਲਾਦੇਸ਼ੀ ਨਾਗਰਿਕ ਨੇਪਾਲ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਹਨ। ਇਹ ਅਲਰਟ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
ਸਸ਼ਤਰ ਸੀਮਾ ਬਲ (ਐੱਸ. ਐੱਸ. ਬੀ.) ਦੀ 42ਵੀਂ ਬਟਾਲੀਅਨ ਦੇ ਕਮਾਂਡਰ ਗੰਗਾ ਸਿੰਘ ਉਦਾਵਤ ਨੇ ਕਿਹਾ ਕਿ ਉੱਚ ਹੈੱਡਕੁਆਰਟਰ ਤੋਂ ਮਿਲੀ ਵਿਸ਼ੇਸ਼ ਜਾਣਕਾਰੀ ਦੇ ਆਧਾਰ ’ਤੇ ਨੇਪਾਲ ਤੋਂ ਭਾਰਤ ਵਿਚ ਘੁਸਪੈਠ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਸ. ਬੀ. ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਣਚਾਹੇ ਤੱਤਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਲਈ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।
ਐੱਸ. ਐੱਸ. ਬੀ. ਨੇ ਸਰਹੱਦੀ ਇਲਾਕਿਆਂ ਵਿਚ ਗਸ਼ਤ ਵਧਾ ਦਿੱਤੀ ਹੈ ਅਤੇ ਸੜਕਾਂ, ਜੰਗਲਾਂ ਅਤੇ ਸਰਹੱਦੀ ਪਿੰਡਾਂ ਵਿਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਚੈੱਕ ਪੋਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਹੁਣ ਸਿਰਫ਼ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਹੀ ਨੇਪਾਲ ਤੋਂ ਭਾਰਤ ਵਿਚ ਦਾਖਲ ਹੋਣ ਦੀ ਆਗਿਆ ਹੈ। ਉੱਤਰ ਪ੍ਰਦੇਸ਼ ਦੀ ਨੇਪਾਲ ਨਾਲ 579 ਕਿਲੋਮੀਟਰ ਲੰਬੀ ਸਰਹੱਦ ਹੈ। ਸੂਬੇ ਦੇ 7 ਜ਼ਿਲੇ ਪੀਲੀਭੀਤ, ਲਖੀਮਪੁਰ ਖੀਰੀ, ਬਹਿਰਾਈਚ, ਸ਼ਰਾਵਸਤੀ, ਬਲਰਾਮਪੁਰ, ਸਿਧਾਰਥਨਗਰ ਅਤੇ ਮਹਿਰਾਜਗੰਜ ਨੇਪਾਲ ਦੇ ਨਾਲ ਲੱਗਦੇ ਹਨ, ਜਿੱਥੇ ਸੁਰੱਖਿਆ ਦੇ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।
ਪੰਜਾਬ ਤੋਂ ਪੈਂਟਾਗਨ ਤੱਕ : ਚੀਨੀ ਮਿਜ਼ਾਈਲ ਨੂੰ ਲੈ ਕੇ ਪੂਰੀ ਦੁਨੀਆ ’ਚ ਦਿਲਚਸਪੀ
NEXT STORY