ਗੁਰਦਾਸਪੁਰ (ਹਰਮਨ) : ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਸਰਹੱਦੀ ਖੇਤਰ ਦੇ ਪਿੰਡ ਆਦੀਆਂ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਪੁਲਸ ਐਨਕਾਊਂਟਰ ਵਿੱਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਖਹਿਰਾ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਉਹ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੌਜੂਦਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਅਤੇ ਕਿਹਾ ਕਿ ਇਸ ਐਨਕਾਊਂਟਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਬਣਾਈ ਗਈ ਕਹਾਣੀ ਪੂਰੀ ਤਰ੍ਹਾ ਮਨਘੜਤ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕਈ ਤਰ੍ਹਾਂ ਦੇ ਗੰਭੀਰ ਸਵਾਲ ਉੱਠ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਸੂਬੇ ਨੂੰ ਮੁੜ ਅੱਤਵਾਦ ਦੇ ਕਾਲੇ ਦੌਰ ਵੱਲ ਲਿਜਾਣ ਦੀ ਰਸਤੇ ਤੁਰੀ ਹੋਈ ਹੈ ਅਤੇ ਉਸ ਮੌਕੇ ਵੀ ਨੌਜਵਾਨਾਂ 'ਤੇ ਇਸੇ ਤਰ੍ਹਾਂ ਹੀ ਝੂਠੇ ਮੁਕਾਬਲੇ ਬਣਾ ਕੇ ਤਸ਼ੱਦਦ ਕੀਤਾ ਗਿਆ ਸੀ। ਇਕ 19 ਸਾਲਾਂ ਦੇ ਨੌਜਵਾਨ ਉੱਪਰ, ਜਿਸ ਖਿਲਾਫ ਪਹਿਲਾਂ ਕੋਈ ਵੀ ਮੁਕਦਮਾ ਨਹੀਂ ਸੀ, ਉਸ ਨੂੰ ਇਸ ਤਰ੍ਹਾਂ ਮੁਕਾਬਲੇ ਵਿੱਚ ਮਾਰ ਦੇਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਅਤੇ ਪੁਲਸ ਦੀ ਸਾਰੀ ਕਹਾਣੀ ਵੀ ਛਕੀ ਜਾਪਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਪਾਰਦਰਸ਼ੀ ਜਾਂਚ ਜ਼ਰੂਰੀ ਹੈ। ਖਹਿਰਾ ਨੇ ਭਰੋਸਾ ਦਿੱਤਾ ਕਿ ਉਹ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਾਨੂੰਨੀ ਅਤੇ ਰਾਜਨੀਤਿਕ ਲੜਾਈ ਲੜਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੇਤਾਂ ਦੀ ਮੋਟਰ ਦਾ ਸਟਾਰਟਰ ਉਤਾਰਦੇ ਸਮੇਂ ਕਰੰਟ ਲੱਗਣ ਨਾਲ 18 ਸਾਲਾ ਮੁੰਡੇ ਦੀ ਮੌਤ
NEXT STORY