ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਨੇਤਾ ਵੀ ਕਹਿੰਦੇ ਹਨ ਕਿ ਕਾਸ਼ ਉਨ੍ਹਾਂ ਦੇ ਦੇਸ਼ 'ਚ ਵੀ ਮੋਦੀ ਵਰਗਾ ਨੇਤਾ ਹੁੰਦਾ। ਉਨ੍ਹਾਂ ਨੇ ਇਸ ਦੇ ਨਾਲ ਹੀ ਕਾਂਗਰਸ 'ਤੇ ਦੋਸ਼ ਲਾਇਆ ਕਿ ਉਸ ਵਲੋਂ ਬੀਜੇ ਗਏ ਬੀਜਾਂ ਕਾਰਨ ਭਾਰਤ ਦੀ ਵੰਡ ਹੋਈ। ਯਾਦਵ ਨੇ ਸ਼ੁੱਕਰਵਾਰ ਸ਼ਾਮ ਨੂੰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਲੋਕ ਸਭਾ ਖੇਤਰ ਵਿਚ ਚੋਣ ਪ੍ਰਚਾਰ ਦੌਰਾਨ ਸਭਾ ਨੂੰ ਸੰਬੋਧਿਤ ਕਰਦਿਆਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਦੇ ਲੋਕ ਵੀ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਨ ਕਿਉਂਕਿ ਗੁਆਂਢੀ ਦੇਸ਼ 'ਚ ਹੋਂਦ ਦਾ ਸੰਕਟ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ ਪਾਕਿਸਤਾਨ ਦੇ ਨੇਤਾ ਲਗਾਤਾਰ ਕਹਿ ਰਹੇ ਹਨ ਕਿ ਕਾਸ਼ ਨਰਿੰਦਰ ਮੋਦੀ ਪਾਕਿਸਤਾਨ ਵਿਚ ਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨੇਤਾ ਹੋ ਤਾਂ ਅਜਿਹਾ ਨੇਤਾ ਬਣੋ ਕਿ ਤੁਹਾਡਾ ਦੁਸ਼ਮਣ ਵੀ ਤੁਹਾਡੀ ਤਾਰੀਫ਼ ਕਰੇ। ਪ੍ਰਧਾਨ ਮੰਤਰੀ ਮੋਦੀ ਸਾਨੂੰ ਮਾਣ ਮਹਿਸੂਸ ਕਰਵਾ ਰਹੇ ਹਨ।
ਉਨ੍ਹਾਂ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਦੇ ਮੱਥੇ 'ਤੇ ਦੇਸ਼ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਵੰਡਣ ਦਾ ਕਲੰਕ ਹੈ। ਯਾਦਵ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਕੋਈ ਭਾਜਪਾ ਜਾ ਜਨਸੰਘ ਨਹੀਂ ਸੀ। ਕਾਂਗਰਸ ਵਲੋਂ ਬੀਜੇ ਗਏ ਬੀਜ ਕਾਰਨ ਦੇਸ਼ ਦੀ ਵੰਡ ਹੋਈ। ਅੱਧਾ ਪੰਜਾਬ ਪਾਕਿਸਤਾਨ ਵਿਚ ਚੱਲਾ ਗਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਧਾਰਾ-370 ਨੂੰ ਰੱਦ ਕੀਤੇ ਜਾਣ ਸਮੇਂ ਲੋਕਾਂ ਵਿਚ ਡਰ ਪੈਦਾ ਕੀਤਾ। ਯਾਦਵ ਨੇ ਕਿਹਾ ਕਿ ਜਦੋਂ ਧਾਰਾ-370 ਨੂੰ ਹਟਾਇਆ ਜਾ ਰਿਹਾ ਸੀ ਤਾਂ ਕਾਂਗਰਸ ਨੇ ਕਿਹਾ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਦੇਸ਼ ਵਿਚ ਖ਼ੂਨ ਦੀਆਂ ਨਦੀਆਂ ਵਹਿਣਗੀਆਂ। ਖ਼ੂਨ ਦੀਆਂ ਨਦੀਆਂ ਉਦੋਂ ਹੀ ਵਹਿਣਗੀਆਂ, ਜਦੋਂ ਰਗਾਂ ਵਿਚ ਖ਼ੂਨ ਹੋਵੇਗਾ। ਕਾਂਗਰਸ ਦੀਆਂ ਰਗਾਂ ਵਿਚ ਪਾਣੀ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਇੰਨੇ ਖ਼ੁਸ਼ ਹਨ ਕਿ PoK ਦੇ ਲੋਕ ਵੀ ਭਾਰਤ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਕਿਉਂਕਿ ਪਾਕਿਸਤਾਨ ਵਿਚ ਗੁਜ਼ਾਰਾ ਕਰਨਾ ਮੁਸ਼ਕਲ ਹੈ।
ਰਾਮ ਮੰਦਰ ਮੁੱਦਾ ਖਤਮ, ਹੁਣ ਕੋਈ ਇਸਦੀ ਚਰਚਾ ਨਹੀਂ ਕਰ ਰਿਹਾ : ਸ਼ਰਦ ਪਵਾਰ
NEXT STORY