ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਜਾਰੀ ਭਿਆਨਕ ਜੰਗ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਪੀਐੱਮ ਮੋਦੀ ਨੇ ਖੇਤਰੀ ਊਰਜਾ ਬੁਨਿਆਦੀ ਢਾਂਚੇ (Energy Infrastructure) 'ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਅਤੇ ਸਪੱਸ਼ਟ ਕੀਤਾ ਕਿ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਸਮੁੰਦਰੀ ਰਸਤਿਆਂ ਦੀ ਸੁਰੱਖਿਆ 'ਤੇ ਜ਼ੋਰ
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ਰਾਹੀਂ ਦੱਸਿਆ ਕਿ ਉਨ੍ਹਾਂ ਨੇ ਸਾਊਦੀ ਲੀਡਰਸ਼ਿਪ ਨਾਲ ਖੇਤਰੀ ਸਥਿਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਮੌਜੂਦਾ ਤਣਾਅ ਦੇ ਵਿਚਕਾਰ ਸਮੁੰਦਰੀ ਵਪਾਰਕ ਰਸਤਿਆਂ ਨੂੰ ਖੁੱਲ੍ਹਾ ਅਤੇ ਸੁਰੱਖਿਅਤ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਅਤੇ 'ਨੇਵੀਗੇਸ਼ਨ ਦੀ ਆਜ਼ਾਦੀ' ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਭਾਰਤੀ ਭਾਈਚਾਰੇ ਦਾ ਕੀਤਾ ਧੰਨਵਾਦ
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ 'ਚ ਰਹਿ ਰਹੇ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਹਿੱਤਾਂ ਅਤੇ ਉਨ੍ਹਾਂ ਦੀ ਭਲਾਈ ਲਈ ਸਾਊਦੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਸਮਰਥਨ ਲਈ ਮੁਹੰਮਦ ਬਿਨ ਸਲਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਡੋਨਾਲਡ ਟਰੰਪ ਨਾਲ ਵੀ ਹੋਈ ਸੀ ਗੱਲਬਾਤ
ਜ਼ਿਕਰਯੋਗ ਹੈ ਕਿ ਸਾਊਦੀ ਪ੍ਰਿੰਸ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਸੀ। ਉਸ ਗੱਲਬਾਤ ਵਿੱਚ ਵੀ ਦੋਵਾਂ ਨੇਤਾਵਾਂ ਨੇ ਮਿਡਲ ਈਸਟ ਦੀ ਸਥਿਤੀ ਅਤੇ ਖ਼ਾਸ ਕਰਕੇ 'ਹੋਰਮੁਜ਼ ਜਲਡਮਰੂਮੱਧ' (Strait of Hormuz) ਨੂੰ ਖੁੱਲ੍ਹਾ ਰੱਖਣ ਦੀ ਅਹਿਮੀਅਤ 'ਤੇ ਚਰਚਾ ਕੀਤੀ ਸੀ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਹ ਇਨ੍ਹਾਂ ਨੇਤਾਵਾਂ ਵਿਚਕਾਰ ਪਹਿਲੀ ਅਹਿਮ ਗੱਲਬਾਤ ਸੀ।
ਪੱਛਮੀ ਏਸ਼ੀਆ ਦੇ ਇਸ ਸੰਕਟ ਦੇ ਕਾਰਨ ਹੋਰਮੁਜ਼ ਦੇ ਰਸਤੇ ਜਹਾਜ਼ਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ, ਹਾਲਾਂਕਿ ਈਰਾਨ ਨੇ ਸੰਕੇਤ ਦਿੱਤੇ ਹਨ ਕਿ ਕੁਝ ਸ਼ਰਤਾਂ ਤਹਿਤ ਗੈਰ-ਦੁਸ਼ਮਣ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਜਿਹੇ ਵਿੱਚ ਭਾਰਤ ਵੱਲੋਂ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਲਗਾਤਾਰ ਕੀਤੇ ਜਾ ਰਹੇ ਇਹ ਯਤਨ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
RBI ਵੱਲੋਂ ਵੱਡਾ ਕਦਮ: ਹੁਣ ਕਾਗਜ਼ੀ ਚੈੱਕਾਂ ਦੀ ਥਾਂ ਲੈਣਗੇ 'ਈ-ਚੈੱਕ', ਬਦਲ ਜਾਵੇਗਾ ਭੁਗਤਾਨ ਦਾ ਤਰੀਕਾ
NEXT STORY