ਨੈਸ਼ਨਲ ਡੈਸਕ- ਝਾਰਖੰਡ ਸੂਬੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਧਿਕਾਰੀਆਂ ਨੇ ਦੱਸਿਆ ਕਿ ਕੋਡਰਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਸਕੂਲ ਬੱਸ ਪਲਟ ਕੇ 25 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਕਾਰਨ ਘੱਟੋ-ਘੱਟ 31 ਸਕੂਲੀ ਵਿਦਿਆਰਥਣਾਂ ਜ਼ਖਮੀ ਹੋ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੋਡਰਮਾ ਥਾਣਾ ਖੇਤਰ ਅਧੀਨ ਕੋਡਰਮਾ ਘਾਟੀ ਵਿੱਚ ਰਾਂਚੀ-ਪਟਨਾ ਮੁੱਖ ਸੜਕ 'ਤੇ ਉਦੋਂ ਵਾਪਰਿਆ ਜਦੋਂ ਚੰਦਵਾੜਾ ਦੇ ਪੁਟੋ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਗਈ। ਸਿਵਲ ਸਰਜਨ ਅਨਿਲ ਕੁਮਾਰ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਈਆਂ 31 ਵਿਦਿਆਰਥਣਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 10 ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 21 ਇਸ ਸਮੇਂ ਨਿਗਰਾਨੀ ਹੇਠ ਹਨ।
ਉਨ੍ਹਾਂ ਕਿਹਾ ਕਿ 3 ਜਾਂ 4 ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ। ਕੁਮਾਰ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥਣਾਂ ਨੂੰ ਅੱਜ ਸ਼ਾਮ ਤੱਕ ਛੁੱਟੀ ਦੇ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਰਿਤੁਰਾਜ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਜ਼ਖਮੀ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਕੂਲ ਪ੍ਰਿੰਸੀਪਲ ਅਭਿਤਾਭ ਕੁਮਾਰ ਨੇ ਕਿਹਾ ਕਿ ਕੁੱਲ 71 ਵਿਦਿਆਰਥਣਾਂ 2 ਬੱਸਾਂ ਵਿੱਚ ਰਾਜਗੀਰ ਅਤੇ ਨਾਲੰਦਾ ਦੇ ਵਿਦਿਅਕ ਦੌਰੇ 'ਤੇ ਜਾ ਰਹੀਆਂ ਸਨ। 31 ਵਿਦਿਆਰਥਣਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਹੈਰਾਨੀਜਨਕ ! ਕਰਨਾਟਕ ਦੇ ਚਿੜੀਆਘਰ 'ਚ 28 ਕਾਲੇ ਹਿਰਨਾਂ ਦੀ ਰਹੱਸਮਈ ਢੰਗ ਨਾਲ ਹੋਈ ਮੌਤ
NEXT STORY