ਲਾਹੌਰ - ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਲਾਹੌਰ (ਪਾਕਿਸਤਾਨ) ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਅੱਜ ਲਾਹੌਰ ਹਾਈ ਕੋਰਟ ਦੇ ਡੈਮੋਕ੍ਰੇਟਿਕ ਲਾਅਨ 'ਚ ਸ਼ਹੀਦ ਭਗਤ ਸਿੰਘ ਦੇ 112ਵੇਂ ਜਨਮ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਅਬਦੁਲ ਰਸ਼ੀਦ ਕੁਰੈਸ਼ੀ ਨੇ ਕੀਤੀ। ਮੁੱਖ ਮਹਿਮਾਨ ਵਜੋਂ ਐਡਵੋਕੇਟ ਹਫੀਜ਼-ਉਰ-ਰਹਿਮਾਨ ਚੌਧਰੀ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕੇਕ ਕੱਟ ਕੇ ਜਨਮ ਦਿਹਾੜਾ ਮਨਾਉਣ ਤੋਂ ਬਾਅਦ ਕੀਤੇ ਸ਼ਾਂਤੀ ਮਾਰਚ ਨਾਲ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਕੁਰੈਸ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਹੀ ਨਹੀਂ ਸਗੋਂ ਪਾਕਿਸਤਾਨੀ ਨੌਜਵਾਨਾਂ ਦੇ ਵੀ ਆਦਰਸ਼ ਹਨ। ਉਹ ਪਾਕਿਸਤਾਨ ਦੀ ਜਨਤਾ ਲਈ ਨੈਸ਼ਨਲ ਹੀਰੋ ਹਨ, ਕਿਉਂਕਿ ਉਨ੍ਹਾਂ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ। ਇੰਨਾ ਹੀ ਨਹੀਂ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਨਿਰਮਾਤਾ ਮੁਹੰਮਦ ਅਲੀ ਜਿੱਨਾਹ ਨੇ ਸਲਾਮ ਕੀਤਾ ਸੀ। ਉਨ੍ਹਾਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਨੂੰ ਦੇਸ਼ ਦਾ ਸਰਬਉੱਚ ਸਨਮਾਨ 'ਨਿਸ਼ਾਨ-ਏ-ਪਾਕਿਸਤਾਨ' ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਵੀ ਲੋਕ ਸ਼ਹੀਦ ਭਗਤ ਸਿੰਘ ਨੂੰ ਓਨੀ ਹੀ ਮੁਹੱਬਤ ਅਤੇ ਇੱਜ਼ਤ ਦਿੰਦੇ ਹਨ, ਜਿੰਨੀ ਭਾਰਤ 'ਚ।
ਕੁਰੈਸ਼ੀ ਨੇ ਅੱਗੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਪ੍ਰਤੀ ਅਪਾਰ ਸ਼ਰਧਾ ਰੱਖਦੇ ਹਨ, ਇਸ ਲਈ ਉਹ ਚਾਹੁੰਦੇ ਹਨ ਕਿ ਭਾਰਤ ਸਰਕਾਰ ਸ਼ਹੀਦ ਭਗਤ ਸਿੰਘ ਨੂੰ 'ਭਾਰਤ ਰਤਨ' ਐਵਾਰਡ ਦੇਣ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਉਹ ਪੁਲਸ ਅਫ਼ਸਰ ਸਾਂਡਰਸ ਦੀ ਹੱਤਿਆ ਦੇ ਮਾਮਲੇ 'ਚ ਸ਼ਹੀਦ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ 'ਚ ਇਕ ਕੇਸ ਲੜ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 17 ਦਸੰਬਰ 1928 ਨੂੰ ਲਾਹੌਰ ਦੇ ਅਨਾਰਕਲੀ ਥਾਣੇ 'ਚ ਦਰਜ ਐੱਫ. ਆਈ. ਆਰ. 'ਚ ਭਗਤ ਸਿੰਘ ਦਾ ਨਾਂ ਸ਼ਾਮਲ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਲਾਹੌਰ ਦੇ ਸ਼ਾਦਮਾਨ ਚੌਕ (ਜਿੱਥੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ) ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਰਿੱਟ ਵੀ ਦਾਇਰ ਕੀਤੀ ਹੋਈ ਹੈ।
ਟਰੰਪ ਵਿਰੁੱਧ ਮਹਾਦੋਸ਼ ਸਾਬਿਤ ਹੋਣ ਦੀ ਉਮੀਦ : ਨੀਰੋ
NEXT STORY