ਨਵੀਂ ਦਿੱਲੀ/ਹਰਿਆਣਾ (ਭਾਸ਼ਾ)— ਹਰਿਆਣਾ ਸਰਕਾਰ ਖੇਡ ਨੀਤੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਇਸ ਖੇਡ ਨੀਤੀ ਖ਼ਿਲਾਫ਼ ਪ੍ਰਦੇਸ਼ ਦੇ ਮਸ਼ਹੂਰ ਗੂੰਗਾ ਪਹਿਲਵਾਨ ਵਰਿੰਦਰ ਧਰਨੇ ’ਤੇ ਬੈਠ ਗਏ ਹਨ। ਵਰਿੰਦਰ ਸਿੰਘ ਨੂੰ ਬੀਤੇ ਦਿਨੀਂ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਵਰਿੰਦਰ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਸੂਬੇ ਵਿਚ ਉਨ੍ਹਾਂ ਵਰਗੇ ਗੂੰਗੇ-ਬਹਿਰੇ ਪੈਰਾ-ਐਥਲੀਟਾਂ ਨੂੰ ਬਰਾਬਰ ਅਧਿਕਾਰ ਦੇਣ ਦੀ ਮੰਗ ਕੀਤੀ। ਹਰਿਆਣਾ ਦੇ ਝੱਜਰ ਦੇ ਨੇੜੇ ਸਸਰੋਲੀ ’ਚ ਜਨਮੇ ਸਿੰਘ ਬੋਲ ਅਤੇ ਸੁਣ ਨਹੀਂ ਸਕਦੇ। ਬੁੱਧਵਾਰ ਨੂੰ ਉਨ੍ਹਾਂ ਨੇ ਇਕ ਪੋਸਟ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਦੀ ਤਸਵੀਰ ਹੈ ਅਤੇ ਉਹ ਆਪਣੇ ਪਦਮ ਸ਼੍ਰੀ, ਅਰਜੁਨ ਐਵਾਰਡ ਅਤੇ ਹੋਰ ਕੌਮਾਂਤਰੀ ਤਮਗਿਆਂ ਨਾਲ ਹਰਿਆਣਾ ਭਵਨ ਦੇ ਬਾਹਰ ਫੁੱਟਪਾਥ ’ਤੇ ਬੈਠੇ ਹੋਏ ਨਜ਼ਰ ਆਏ।
ਵਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਮਾਣਯੋਗ ਮੁੱਖ ਮੰਤਰੀ ਐੱਮ. ਐੱਲ. ਖੱਟੜ, ਮੈਂ ਦਿੱਲੀ ਵਿਚ ਹਰਿਆਣਾ ਭਵਨ ’ਚ ਤੁਹਾਡੇ ਨਿਵਾਸ ਦੇ ਫੁੱਟਪਾਥ ’ਤੇ ਬੈਠਾਂ ਹਾਂ ਅਤੇ ਮੈਂ ਇੱਥੋਂ ਉਦੋਂ ਤੱਕ ਨਹੀਂ ਹਿਲਾਂਗਾ, ਜਦੋਂ ਤੱਕ ਤੁਸੀਂ ਗੂੰਗੇ-ਬਹਿਰੇ ਪੈਰਾ-ਖਿਡਾਰੀਆਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦੇ। ਜਦੋਂ ਕੇਂਦਰ ਸਰਕਾਰ ਨੂੰ ਸਾਨੂੰ ਬਰਾਬਰ ਅਧਿਕਾਰ ਦਿੰਦੀ ਹੈ ਤਾਂ ਤੁਸੀਂ ਕਿਉਂ ਨਹੀਂ? ਸਿਰਫ਼ ਗੂੰਗੇ-ਬਹਿਰੇ ਖਿਡਾਰੀਆਂ ਲਈ ਕੋਈ ਪੈਰਾਲੰਪਿਕ ਵਰਗ ਨਹੀਂ ਹੈ।
ਦੱਸ ਦੇਈਏ ਕਿ ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਿੰਘ ਨੂੰ ਮੰਗਲਵਾਰ ਨੂੰ ਇੱਥੇ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ। ਇਸ ਤਸਵੀਰ ਨੂੰ ਖੱਟੜ ਨੇ ਟਵੀਟ ਕੀਤਾ ਅਤੇ ਇਸ ਪਹਿਲਵਾਨ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ‘ਗੂੰਗਾ ਪਹਿਲਵਾਨ’ ਨਾਂ ਦੀ ਡਾਕਿਊੂਮੈਂਟਰੀ ਵੀ ਬਣਾਈ ਜਾ ਚੁੱਕੀ ਹੈ। ਖੱਟੜ ਦੇ ਇਸ ਟਵੀਟ ਨੂੰ ਰੀਟਵੀਟ ਕਰਦਿਆਂ ਵਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਜੇਕਰ ਤੁਸੀਂ ਮੈਨੂੰ ਪੈਰਾ-ਐਥਲੀਟ ਮੰਨਦੇ ਹੋ ਤਾਂ ਤੁਸੀਂ ਪੈਰਾ-ਐਥਲੀਟ ਵਾਲੇ ਸਾਰੇ ਅਧਿਕਾਰ ਮੈਨੂੰ ਕਿਉਂ ਨਹੀਂ ਦਿੰਦੇ। ਉਨ੍ਹਾਂ ਨੇ ਆਪਣੇ ਟਵਿੱਟਰ ਪੇਜ਼ ’ਤੇ ਲਿਖਿਆ ਕਿ ਪਿਛਲੇ 4 ਸਾਲਾਂ ਤੋਂ ਮੈਂ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹਾਂ। ਮੈਂ ਅੱਜ ਵੀ ਜੂਨੀਅਰ ਕੋਚ ਹਾਂ ਅਤੇ ਮੈਨੂੰ ਕੋਈ ਨਕਦੀ ਪੁਰਸਕਾਰ ਨਹੀਂ ਮਿਲਿਆ। ਕੱਲ੍ਹ ਮੈਂ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ, ਹੁਣ ਫ਼ੈਸਲਾ ਤੁਹਾਡੇ ਹੱਥ ’ਚ ਹੈ।
ਦਿੱਲੀ ’ਚ ਅੱਜ ਫਿਰ ‘ਗੰਭੀਰ’ ਪੱਧਰ ’ਤੇ ਪਹੁੰਚੀ ਹਵਾ ਦੀ ਕੁਆਲਿਟੀ, ਕਈ ਇਲਾਕਿਾਂ ’ਚ ਘਟੀ ਵਿਜ਼ੀਬਿਲਟੀ
NEXT STORY