ਨਵੀਂ ਦਿੱਲੀ—ਦਿੱਲੀ ਦੇ ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀਆਂ ਅਟਕਲਾਂ ਹਨ ਕਿ ਕੇਂਦਰੀ ਮੰਤਰੀ ਮੰਡਲ ਵਿਚ ਪੈਂਡਿੰਗ ਪਿਆ ਫੇਰਬਦਲ ਹੋ ਸਕਦਾ ਹੈ। ਇਹ ਫੇਰਬਦਲ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ, ਜੋ ਮੋਦੀ ਸਰਕਾਰ ਦਾ ਆਖਰੀ ਫੇਰਬਦਲ ਹੋਵੇਗਾ। ਮੋਦੀ ਤੇ ਅਮਿਤ ਸ਼ਾਹ ਦੀ ਟੀਮ ਦਾ ਸਭ ਤੋਂ ਵੱਧ ਧਿਆਨ ਉੱਤਰ ਪ੍ਰਦੇਸ਼ 'ਚ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਜਿੱਤਣ 'ਤੇ ਹੈ। ਇਸ ਦੇ ਨਾਲ ਹੀ ਉੱਤਰ-ਪੂਰਬ ਦੀਆਂ ਸਾਰੀਆਂ 25 ਸੀਟਾਂ, ਪੱਛਮੀ ਬੰਗਾਲ ਦੀਆਂ ਅੱਧੀਆਂ ਸੀਟਾਂ ਅਤੇ ਆਂਧਰਾ ਪ੍ਰਦੇਸ਼ ਵਿਚ ਵੀ 'ਘੁਸਪੈਠ' ਕਰਨ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਮੰਤਰੀ ਮੰਡਲ ਵਿਚ ਇਸ ਯੋਜਨਾ ਮੁਤਾਬਕ ਪ੍ਰਤੀਨਿਧਤਾ ਵੀ ਦਿੱਤੀ ਜਾ ਸਕਦੀ ਹੈ। ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਤਿੰਨ ਕੈਬਨਿਟ ਮੰਤਰੀ ਹਨ। ਇਹ ਰਾਜਨਾਥ ਸਿੰਘ, ਮੇਨਕਾ ਗਾਂਧੀ ਅਤੇ ਮੁਖਤਾਰ ਅੱਬਾਸ ਨਕਵੀ ਹਨ।
ਉੱਤਰ-ਪੂਰਬ ਵਿਚ ਕਿਰਨ ਰਿਜਿਜੂ ਤੋਂ ਬਿਨਾਂ ਹੋਰ ਕੋਈ ਮੰਤਰੀ ਨਹੀਂ ਹੈ। ਖੇਡ ਮੰਤਰੀ ਸਰਵਾਨੰਦ ਸੋਨੋਵਾਲ ਨੂੰ ਅਸਾਮ ਦਾ ਮੁੱਖ ਮੰਤਰੀ ਬਣਾਏ ਜਾਣ ਪਿੱਛੋਂ ਅਸਾਮ ਤੋਂ ਕੇਂਦਰੀ ਮੰਤਰੀ ਮੰਡਲ ਵਿਚ ਕੋਈ ਪ੍ਰਤੀਨਿਧਤਾ ਨਹੀਂ। ਮਹਾਰਾਸ਼ਟਰ ਦੇ ਸਭ ਤੋਂ ਵੱਧ 9 ਐੱਮ. ਪੀ. ਮੰਤਰੀ ਹਨ। ਬਿਹਾਰ ਵਿਚ ਸਹਿਯੋਗੀ ਪਾਰਟੀ ਪ੍ਰੇਸ਼ਾਨ ਹੈ। ਮੰਤਰੀ ਮੰਡਲ ਵਿਚ ਘੱਟੋ-ਘੱਟ 5 ਅਜਿਹੇ ਮੰਤਰੀ ਹਨ ਜਿਨ੍ਹਾਂ ਕੋਲ ਇਕ ਤੋਂ ਵੱਧ ਵਿਭਾਗ ਹਨ, ਜਦਕਿ ਹੋਰਨਾਂ ਕੋਲ ਕੋਈ ਕੰਮ ਨਹੀਂ।
ਸ਼ਿਵ ਸੈਨਾ ਇਸ ਗੱਲ ਦੀ ਉਡੀਕ ਵਿਚ ਹੈ ਕਿ ਉਸ ਨਾਲ ਇਨਸਾਫ ਕੀਤਾ ਜਾਵੇ। ਜਨਤਾ ਦਲ (ਯੂ) ਵੀ ਮੰਤਰੀ ਮੰਡਲ ਵਿਚ ਆਪਣੀ ਪ੍ਰਤੀਨਿਧਤਾ ਦੀ ਉਡੀਕ ਵਿਚ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਜਨਤਾ ਦਲ (ਯੂ) ਵਲੋਂ ਭਾਜਪਾ ਨਾਲ ਗਠਜੋੜ ਬਣਾਈ ਰੱਖਿਆ ਜਾਏਗਾ। ਮੰਤਰੀ ਮੰਡਲ ਅਤੇ ਰਾਜਗ ਵਿਚੋਂ ਤੇਲਗੂ ਦੇਸ਼ਮ ਪਾਰਟੀ ਦੇ ਬਾਹਰ ਹੋ ਜਾਣ ਪਿੱਛੋਂ ਭਾਜਪਾ ਦੀ ਲੀਡਰਸ਼ਿਪ ਆਂਧਰਾ ਪ੍ਰਦੇਸ਼ ਵਿਚ ਆਪਣਾ ਲੋਕ ਆਧਾਰ ਵਧਾਉਣ ਲਈ ਕੰਮ ਕਰ ਰਹੀ ਹੈ। ਬਿਹਾਰ ਵਿਚ ਵੀ ਕੁਝ ਜਾਤੀ ਗਠਜੋੜ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਕੁਝ ਤਬਦੀਲੀਆਂ ਦੀ ਵੀ ਲੋੜ ਹੈ। ਮੋਦੀ ਦਾ ਦਲਿਤ ਵੋਟ ਬੈਂਕ 'ਤੇ ਵੀ ਧਿਆਨ ਹੈ। ਉਨ੍ਹਾਂ ਰਾਮਨਾਥ ਕੋਵਿੰਦ, ਬੇਬੀ ਰਾਣੀ ਮੌਰਿਆ ਅਤੇ ਸਤਿਆਦੇਵ ਨਾਰਾਇਣ ਨੂੰ ਕ੍ਰਮਵਾਰ ਰਾਸ਼ਟਰਪਤੀ ਅਤੇ ਉਪ ਰਾਜਪਾਲ ਬਣਾਇਆ ਹੈ। ਇਸ ਦਾ ਮੁੱਖ ਮਕਸਦ ਇਹ ਹੀ ਹੈ ਕਿ ਦਲਿਤ ਭਾਈਚਾਰੇ ਨਾਲ ਸਬੰਧ ਵਧੀਆ ਬਣੇ ਰਹਿਣ। ਉੱਤਰ ਪ੍ਰਦੇਸ਼ ਵਿਚ ਇਕ ਦਲਿਤ ਨੇਤਾ ਲੱਭਣ ਵੱਲ ਮੋਦੀ ਦਾ ਧਿਆਨ ਹੈ। ਰਾਮ ਵਿਲਾਸ ਪਾਸਵਾਨ (ਲੋਜਪਾ) ਬਿਹਾਰ ਵਿਚ ਅਤੇ ਥਾਵਰ ਚੰਦ ਗਹਿਲੋਤ ਮੱਧ ਪ੍ਰਦੇਸ਼ ਵਿਚ ਦੋ ਅਜਿਹੇ ਨੇਤਾ ਹਨ, ਜਿਨ੍ਹਾਂ ਦੀਆਂ ਸੇਵਾਵਾਂ ਮੋਦੀ ਲੈ ਸਕਦੇ ਹਨ। ਯੂ. ਪੀ. ਵਿਚ ਕੋਈ ਵੀ ਦਲਿਤ ਨੇਤਾ ਨਹੀਂ ਹੈ, ਜਿਸ ਨੂੰ ਮੋਦੀ ਭਾਜਪਾ ਲਈ ਠੀਕ ਸਮਝਦੇ ਹੋਣ। ਮਾਇਆਵਤੀ ਦਾ ਮੁਕਾਬਲਾ ਕਰਨ ਲਈ ਮੋਦੀ ਅੰਦਰ ਹੀ ਅੰਦਰ ਕਿਸੇ ਦਲਿਤ ਨੇਤਾ ਦੀ ਭਾਲ ਵਿਚ ਹਨ।
ਕ੍ਰਿਕਟ ਬੋਰਡ ਤਕ ਪੁੱਜਾ 'ਮੀ ਟੂ', ਸੀ. ਈ. ਓ. ਰਾਹੁਲ 'ਤੇ ਲੱਗਾ ਇਹ ਦੋਸ਼
NEXT STORY