ਸ਼੍ਰੀਨਗਰ- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਨਗਰ 'ਚ ਜੀ-20 ਬੈਠਕ 'ਚ ਚੀਨ ਦੇ ਸ਼ਾਮਲ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਇਹ ਉਸਦਾ ਨੁਕਸਾਨ ਹੈ, ਭਾਰਤ ਦਾ ਨਹੀਂ। ਚੀਨ ਨੂੰ ਛੱਡ ਕੇ ਬਾਕੀ ਸਾਰੇ ਜੀ-20 ਦੇਸ਼ਾਂ ਦੇ ਵਫਦ ਤੀਜੇ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਸ਼੍ਰੀਨਗਰ ਪਹੁੰਚੇ। ਸਿੰਘ ਨੇ ਇੱਥੇ ਜੀ-20 ਬੈਠਕ ਤੋਂ ਇਲਾਵਾ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਇਸ ਨਾਲ (ਚੀਨ ਦੇ ਬੈਠਕ 'ਚ ਸ਼ਾਮਲ ਨਾ ਹੋਣ) ਕੋਈ ਫਰਕ ਨਹੀਂ ਪੈਂਦਾ। ਚੀਨ ਦਾ ਨਾ ਆਉਣਾ ਚੀਨ ਦਾ ਨੁਕਸਾਨ ਹੈ, ਭਾਰਤ ਦਾ ਨਹੀਂ। ਇਹ ਪੁੱਛੇ ਜਾਣ 'ਤੇ ਕਿ ਕੀ ਚੀਨ ਦੀ ਗੈਰ-ਮੌਜੂਦਗੀ ਪੂਰਬੀ ਲੱਦਾਖ ਸਰਹੱਦ ਗਤੀਰੋਧ ਨਾਲ ਜੁੜੀ ਹੈ, ਤਾਂ ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਇਸ 'ਤੇ ਵਿਚਾਰ ਕਰੇਗਾ।
ਕਸ਼ਮੀਰ 'ਚ ਜੀ-20 ਪ੍ਰੋਗਰਾਮ ਆਯੋਜਿਤ ਕਰਨ 'ਤੇ ਸਿੰਘ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਆਯੋਜਨ ਨਾਲ ਪ੍ਰਤੀਨਿਧੀਆਂ ਨੂੰ ਉਨ੍ਹਾਂ ਥਾਵਾਂ ਬਾਰੇ ਜਾਣਕਾਰੀ ਮਿਲਦੀ ਹੈ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) 'ਚ ਸੂਬਾ ਮੰਤਰੀ ਸਿੰਘ ਨੇ ਕਿਹਾ ਕਿ ਅਸੀਂ ਯੂਰਪ ਦੇ ਕੁਝ ਦੇਸ਼ਾਂ ਦੀ ਤਰ੍ਹਾਂ ਛੋਟੇ, ਆਪਸ 'ਚ ਜੁੜੇ ਹੋਏ ਰਾਸ਼ਟਰ ਨਹੀਂ ਹਾਂ। ਅਸੀਂ ਇੱਕ ਵਿਭਿੰਨ ਦੇਸ਼ ਹਾਂ। ਕਸ਼ਮੀਰ ਨੂੰ ਲੈਕੇ ਪਾਕਿਸਤਾਨ ਦੇ ਦੁਰਪ੍ਰਚਾਰ ਬਾਰੇ ਪੁੱਛੇ ਜਾਣ 'ਤੇ ਮੰਤਰੀ ਨੇ ਕਿਹਾ ਕਿ ਆਮ ਲੋਕ ਇਨ੍ਹਾਂ ਚੀਜ਼ਾਂ ਤੋਂ ਅੱਗੇ ਵੱਧ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਮ ਆਦਮੀ ਅੱਗੇ ਵੱਧ ਗਿਆ ਹੈ। ਜੇਕਰ ਤੁਸੀਂ ਸ਼੍ਰੀਨਗਰ 'ਚ ਸੜਕਾਂ 'ਤੇ ਕਿਸੇ ਵਿਅਕਤੀ ਨਾਲ ਗੱਲ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਉਹ ਖੁੱਲ੍ਹ ਕੇ ਗੱਲ ਨਾ ਕਰੇ ਪਰ ਅੱਤਵਾਦ ਖਿਲਾਫ ਫੈਸਲਾਕੁਨ ਕਾਰਵਾਈ ਨਾਲ ਡਰ ਦਾ ਮਾਹੌਲ ਖਤਮ ਹੋ ਗਿਆ ਹੈ। ਇਕ ਦਿਨ ਪਹਿਲਾਂ ਸਿੰਘ ਨੇ ਕਿਹਾ ਸੀ ਕਿ ਕਸ਼ਮੀਰ 'ਚ ਬਦਲਾਅ ਆਇਆ ਹੈ ਅਤੇ ਸ਼੍ਰੀਨਗਰ ਦੇ ਆਮ ਲੋਕ ਹੁਣ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਨੇ ਦੋ ਪੀੜ੍ਹੀਆਂ ਨੂੰ (ਅੱਤਵਾਦ ਦੇ ਕਾਰਨ) ਗੁਆ ਦਿੱਤਾ ਹੈ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY