ਨਵੀਂ ਦਿੱਲੀ- ਕੇਂਦਰ ਸਰਕਾਰ ਵੱਲੋਂ ਸੱਦੇ ਗਏ ਸੰਸਦ ਦੇ 5 ਦਿਨਾਂ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਨਾਲ ਹੋਈ। ਮੋਦੀ ਨੇ ਰਾਸ਼ਟਰੀ ਰਾਜਧਾਨੀ ’ਚ ਹਾਲ ਹੀ ’ਚ ਖਤਮ ਹੋਏ ਜੀ-20 ਸੰਮੇਲਨ ਦੀ ਸਫਲਤਾ ਦਾ ਸਿਹਰਾ ਦੇਸ਼ ਦੇ ਲੋਕਾਂ ਨੂੰ ਦਿੰਦੇ ਹੋਏ ਕਿਹਾ ਕਿ ਇਹ ਕਿਸੇ ਇਕ ਵਿਅਕਤੀ ਜਾਂ ਕਿਸੇ ਇਕ ਪਾਰਟੀ ਦੀ ਸਫਲਤਾ ਨਹੀਂ ਹੈ। ਮੋਦੀ ਨੇ ਕਿਹਾ ਕਿ ਨਵੇਂ ਕੰਪਲੈਕਸ ’ਚ ਜਾਣ ਤੋਂ ਪਹਿਲਾਂ ਇਸ ਸੰਸਦ ਭਵਨ ਨਾਲ ਜੁੜੇ ਪ੍ਰੇਰਨਾਦਾਇਕ ਪਲਾਂ ਨੂੰ ਯਾਦ ਕਰਨ ਦਾ ਸਮਾਂ ਆ ਗਿਆ ਹੈ। ਪੁਰਾਣਾ ਸੰਸਦ ਭਵਨ ਸਾਡੇ ਦੇਸ਼ ਵਾਸੀਆਂ ਦੇ ਪਸੀਨੇ, ਮਿਹਨਤ ਅਤੇ ਪੈਸੇ ਨਾਲ ਬਣਾਇਆ ਗਿਆ ਸੀ। ਪੁਰਾਣੇ ਸੰਸਦ ਭਵਨ ਨੂੰ ਅਲਵਿਦਾ ਕਹਿਣਾ ਇੱਕ ਭਾਵੁਕ ਪਲ ਹੈ, ਜਿਸ ਨਾਲ ਕਈ ਖੱਟੀਆਂ ਤੇ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਇਸ ਇਮਾਰਤ ਅੱਗੇ ਮੱਥਾ ਟੇਕਿਆ ਸੀ
ਮੋਦੀ ਨੇ ਕਿਹਾ ਕਿ ਜਦੋਂ ਮੈਂ ਸੰਸਦ ਮੈਂਬਰ ਵਜੋਂ ਪਹਿਲੀ ਵਾਰ ਇਸ ਇਮਾਰਤ ’ਚ ਦਾਖਲ ਹੋਇਆ ਸੀ ਤਾਂ ਮੈਂ ਸੁਭਾਵਕ ਹੀ ਇਸ ਦੇ ਦਰਵਾਜ਼ੇ ਅੱਗੇ ਸਿਰ ਝੁਕਾ ਕੇ ਲੋਕਤੰਤਰ ਦੇ ਇਸ ਮੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ। ਉਹ ਪਲ ਮੇਰੇ ਲਈ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਜਦੋਂ ਮੈਂ ਪਹਿਲੀ ਵਾਰ ਇਸ ਇਮਾਰਤ ਵਿਚ ਮੈਂਬਰ ਵਜੋਂ ਦਾਖਲ ਹੋਇਆ ਸੀ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਲੋਕਾਂ ਦਾ ਇੰਨਾ ਪਿਆਰ ਮਿਲੇਗਾ। ਅਸੀਂ ਹੁਣ ਨਵੇਂ ਸੰਸਦ ਭਵਨ ਵਿੱਚ ਚਲੇ ਜਾਵਾਂਗੇ ਪਰ ਇਹ ਪੁਰਾਣੀ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਦੋਹਾਂ ਹਾਊਸਾਂ ਵਿੱਚ ਹੁਣ ਤੱਕ 7500 ਤੋਂ ਵੱਧ ਲੋਕ ਨੁਮਾਇੰਦੇ ਆਪਣਾ- ਆਪਣਾ ਯੋਗਦਾਨ ਪਾ ਚੁੱਕੇ ਹਨ। ਇਸ ਦੌਰਾਨ 600 ਦੇ ਕਰੀਬ ਮਹਿਲਾ ਸੰਸਦ ਮੈਂਬਰਾਂ ਨੇ ਵੀ ਦੋਵਾਂ ਹਾਊਸਾਂ ਦਾ ਮਾਣ ਵਧਾਇਆ।
ਮੋਦੀ ਨੇ ਕਿਹਾ ਕਿ ਅੱਜ ਮੈਂ ਉਨ੍ਹਾਂ ਨੂੰ ਵੀ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਸੰਸਦ ਭਵਨ ਅਤੇ ਇਸ ਦੇ ਮੈਂਬਰਾਂ ਨੂੰ ਬਚਾਉਣ ਲਈ ਆਪਣੀਆਂ ਛਾਤੀਆਂ ’ਤੇ ਗੋਲੀਆਂ ਖਾਧੀਆਂ। ਉਹ ਸਾਡੇ ਦਰਮਿਆਨ ਨਹੀਂ ਹਨ, ਪਰ ਉਨ੍ਹਾਂ ਸਾਡੀ ਬਹੁਤ ਸੁਰੱਖਿਆ ਕੀਤੀ। ਪੁਰਾਣੇ ਸੰਸਦ ਭਵਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਇਸ ਕੰਪਲੈਕਸ ਨੂੰ ਬਣਾਉਣ ਦਾ ਫੈਸਲਾ ਵਿਦੇਸ਼ੀ ਹੁਕਮਰਾਨਾਂ ਨੇ ਲਿਆ ਸੀ, ਪਰ ਇਹ ਭਾਰਤ ਦੇ ਲੋਕਾਂ ਦੀ ਮਿਹਨਤ, ਪਸੀਨੇ ਅਤੇ ਪੈਸੇ ਨਾਲ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਲਾਲ ਬਹਾਦੁਰ ਸ਼ਾਸਤਰੀ ਤੱਕ ਅਤੇ ਵਾਜਪਾਈ ਤੋਂ ਲੈ ਕੇ ਮਨਮੋਹਨ ਸਿੰਘ ਤੱਕ, ਇਸ ਸੰਸਦ ਨੇ ਕਈ ਨੇਤਾਵਾਂ ਨੂੰ ਭਾਰਤ ਬਾਰੇ ਆਪਣਾ ਵਿਜ਼ਨ ਪੇਸ਼ ਕਰਦੇ ਦੇਖਿਆ ਹੈ। ਇਸ ਸੰਸਦ ਭਵਨ ਵਿੱਚ ਕਈ ਅਜਿਹੇ ਮੌਕੇ ਆਏ ਜਦੋਂ ਮੈਂਬਰਾਂ ਨੇ ਹੰਝੂ ਵਹਾਏ। ਉਨ੍ਹਾਂ ਇਸ ਸਬੰਧੀ ਤਿੰਨ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਇੰਦਰਾ ਗਾਂਧੀ ਦੇ ਦੇਹਾਂਤ ’ਤੇ ਮੈਂਬਰਾਂ ਦੇ ਦੁੱਖ ਦਾ ਜ਼ਿਕਰ ਕੀਤਾ। ਵਾਜਪਾਈ ਦੀਆਂ ਸਤਰਾਂ ਪੜ੍ਹਦਿਆਂ ਪੀ.ਐਮ. ਨੇ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਪਾਰਟੀਆਂ ਬਣਨਗੀਆਂ ਅਤੇ ਵਿਗੜਨਗੀਆਂ, ਪਰ ਇਹ ਦੇਸ਼ ਕਾਇਮ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੰਸਦ ਦਾ ਸੈਸ਼ਨ ਛੋਟਾ ਹੈ ਪਰ ਸਮੇਂ ਦੇ ਹਿਸਾਬ ਨਾਲ ਬਹੁਤ ਵੱਡਾ ਅਤੇ ਕੀਮਤੀ : PM ਮੋਦੀ
ਪੀ.ਐੱਮ. ਮੋਦੀ ਵਲੋਂ ਦਿੱਤੇ ਦੇ ਭਾਸ਼ਣ ਦੇ ਅਹਿਮ ਨੁਕਤੇ
1. ਮੋਦੀ ਨੇ ਲੋਕ ਸਭਾ ਦੇ ਹੁਣ ਤਕ ਦੇ ਸਭ ਸਪੀਕਰਾਂ ਦਾ ਅਭਿਨੰਦਨ ਕੀਤਾ ਜਿਨ੍ਹਾਂ ਕਾਰਨ ਸੈਸ਼ਨ ਸੁਚਾਰੂ ਢੰਗ ਨਾਲ ਚੱਲਦਾ ਰਿਹਾ।
2. ਪੀ. ਐੱਮ. ਨੇ ਕਿਹਾ ਕਿ ਵਿਦਵਾਨਾਂ ਨੇ ਇਸ ਗੱਲ ਦਾ ਡਰ ਪ੍ਰਗਟਾਇਆ ਸੀ ਕਿ ਆਜ਼ਾਦੀ ਤੋਂ ਬਾਅਦ ਪਤਾ ਨਹੀਂ ਦੇਸ਼ ਦਾ ਕੀ ਬਣੇਗਾ ਪਰ ਭਾਰਤ ਨੇ ਉਨ੍ਹਾਂ ਲੋਕਾਂ ਦੇ ਖਦਸ਼ੇ ਦੂਰ ਕੀਤੇ ਅਤੇ ਸੰਸਦ ਨੇ ਦੁਨੀਆ ਦੇ ਸਾਹਮਣੇ ਕਈ ਮਹੱਤਵਪੂਰਨ ਉਦਾਹਰਣਾਂ ਪੇਸ਼ ਕੀਤੀਆਂ।
3. ਪੀ.ਐੱਮ. ਨੇ ਕਿਹਾ ਕਿ 75 ਸਾਲਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਸੰਸਦ ਵਿੱਚ ਆਮ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ। ਸੰਸਦ ਦੀ ਤਾਕਤ ਨਾਲ ਹੀ ਦੇਸ਼ ਨੇ ਵਿਕਾਸ ਦਾ ਰਾਹ ਪੱਧਰਾ ਕੀਤਾ ਹੈ। ਇਨ੍ਹਾਂ 75 ਸਾਲਾਂ ਵਿੱਚ ਸਾਨੂੰ ਪੰਡਿਤ ਨਹਿਰੂ ਤੋਂ ਲੈ ਕੇ ਸਾਰੇ ਨੇਤਾਵਾਂ ਦੀ ਵਡਿਆਈ ਕਰਨ ਦਾ ਮੌਕਾ ਮਿਲਿਆ ਹੈ।
4. ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਤੋਂ ਪੂਰਾ ਦੇਸ਼ ਖੁਸ਼ ਹੈ। ਇਹ ਭਾਰਤ ਦੀ ਤਾਕਤ ਅਤੇ ਇਸ ਦੇ 140 ਕਰੋੜ ਦੇਸ਼ ਵਾਸੀਆਂ ਦੀ ਦ੍ਰਿੜ ਸੰਕਲਪ ਸ਼ਕਤੀ ਨਾਲ ਜੁੜਿਆ ਹੋਇਆ ਹੈ।
5. ਮੋਦੀ ਨੇ ਕਿਹਾ ਕਿ ਅਮ੍ਰਿਤਕਾਲ ਵਿੱਚ ਅਸੀਂ ਇੱਕ ਨਵੀਂ ਰੋਸ਼ਨੀ ਵੱਲ ਵਧ ਰਹੇ ਹਾਂ। ਦੇਸ਼ ’ਚ ਨਵੇਂ ਸਵੈ-ਭਰੋਸੇ ਅਤੇ ਨਵੇਂ ਉਤਸ਼ਾਹ ਨਾਲ ਨਵੇਂ ਸੁਪਨੇ ਸੰਜੋਏ ਜਾ ਰਹੇ ਹਨ। ਪੂਰਾ ਦੇਸ਼ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ।
6. ਜੀ-20 ਦੇ ਸਫਲ ਸੰਗਠਨ ਬਾਰੇ ਮੋਦੀ ਨੇ ਆਪਣੇ ਭਾਸ਼ਣ ’ਚ ਅਹਿਮ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਗੱਲ ’ਤੇ ਮਾਣ ਹੋਵੇਗਾ ਕਿ ਜਦੋਂ ਅਸੀਂ ਜੀ-20 ਦੇ ਮੁਖੀ ਸੀ ਤਾਂ ਅਫਰੀਕੀ ਸੰਘ ਇਸ ਦਾ ਮੈਂਬਰ ਬਣਿਆ।
7. ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਇਹ ਸੰਸਦ ਜਿਸ ਨੇ ਭਾਰਤੀ ਲੋਕਰਾਜ ਦੇ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ, ਲੋਕਾਂ ਦੇ ਭਰੋਸੇ ਦਾ ਕੇਂਦਰ ਬਿੰਦੂ ਰਿਹਾ ਹੈ। ਹਾਊਸ ਵਿੱਚ ਮਹਿਲਾ ਸੰਸਦ ਮੈਂਬਰਾਂ ਦੀ ਮੌਜੂਦਗੀ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਤੇ ਕਿਹਾ ਕਿ ਮਹਿਲਾ ਸੰਸਦ ਮੈਂਬਰਾਂ ਨੇ ਵੀ ਅਹਿਮ ਯੋਗਦਾਨ ਪਾਇਆ ਹੈ । ਭਵਿੱਖ ਵਿੱਚ ਵੀ ਉਹ ਅਜਿਹਾ ਕਰਦਈਆਂ ਰਹਿਣਗੀਆਂ।
8. ਪੀ.ਐੱਮ. ਨੇ ਆਪਣੇ ਭਾਸ਼ਣ ਵਿੱਚ ਪੱਤਰਕਾਰਾਂ ਬਾਰੇ ਵੀ ਗੱਲਬਾਤ ਕੀਤੀ। ਸੰਸਦ ਦੀ ਕਾਰਵਾਈ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਪੱਤਰਕਾਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਸੰਸਦ ਦੀ ਕਾਰਵਾਈ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਦੇ ਭਾਵੇਂ ਉਨ੍ਹਾਂ ਨੂੰ ਨਾਂ ਨਹੀਂ ਪਤਾ, ਪਰ ਉਨ੍ਹਾਂ ਸਾਰੇ ਪੱਤਰਕਾਰਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
9. ਪੀ.ਐੱਮ. ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਮਿੱਤਰ ਬਣ ਕੇ ਉਭਰ ਰਿਹਾ ਹੈ। ਦੁਨੀਆ ਵਿੱਚ ਭਾਰਤ ਦੀ ਇੱਕ ਨਵੀਂ ਪਛਾਣ ਵੀ ਬਣੀ ਹੈ। ਇਹ ਨਾ ਸਿਰਫ਼ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ ਸਗੋਂ ਕਈ ਦੇਸ਼ਾਂ ਦੀ ਮਦਦ ਵੀ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਖੱਟੜ ਨੇ ਅਨੰਤਨਾਗ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਢੋਚਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
NEXT STORY