ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਇਕ ਬਜ਼ੁਰਗ ਜੋੜਾ ਸੜਕ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਰਾਹ ਆਸਾਨ ਕਰ ਰਿਹਾ ਹੈ। ਗੰਗਾਧਰ ਤਿਲਕ ਕਟਨਮ ਅਤੇ ਉਨ੍ਹਾਂ ਦੀ ਪਤਨੀ ਵੇਂਕਟੇਸ਼ਵਰੀ ਕਟਨਮ ਹੈਦਰਾਬਾਦ ਦੀਆਂ ਸੜਕਾਂ ’ਤੇ ਪਏ ਟੋਏ ਭਰ ਰਹੇ ਹਨ। ਇਹ ਕੰਮ ਬਜ਼ੁਰਗ ਜੋੜਾ ਪਿਛਲੇ 11 ਸਾਲਾਂ ਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟੋਇਆਂ ਦੀ ਵਜ੍ਹਾ ਕਾਰਨ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਮੈਂ ਮਾਮਲੇ ਨੂੰ ਸਬੰਧਤ ਅਥਾਰਟੀ ਕੋਲ ਵੀ ਲੈ ਕੇ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ। ਜਿਸ ਤੋਂ ਬਾਅਦ ਅਸੀਂ ਪਤੀ-ਪਤਨੀ ਨੇ ਖ਼ੁਦ ਇਨ੍ਹਾਂ ਟੋਇਆਂ ਨੂੰ ਭਰਨ ਦਾ ਫ਼ੈਸਲਾ ਲਿਆ।
ਤਿਲਕ ਕਟਨਮ ਅਤੇ ਉਨ੍ਹਾਂ ਦੀ ਪਤਨੀ ਦੀ ਦਰਿਆਦਿਲੀ ਅਤੇ ਪਰਉਪਕਾਰ ਦੀ ਭਾਵਨਾ ਲੋਕਾਂ ਲਈ ਮਿਸਾਲ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹ ਹੁਣ ਤੱਕ 2000 ਤੋਂ ਵਧੇਰੇ ਟੋਇਆਂ ਨੂੰ ਭਰ ਚੁੱਕੇ ਹਨ। ਇਸ ਕੰਮ ਲਈ ਕੋਈ ਪੈਸਾ ਨਹੀਂ ਮਿਲਿਆ, ਸਗੋਂ ਉਹ ਪੈਸਾ ’ਚੋਂ ਖਰਚ ਕਰ ਰਹੇ ਹਨ। ਉਹ ਭਾਰਤੀ ਰੇਲਵੇ ਤੋਂ ਸੇਵਾਮੁਕਤ ਹੋਏ ਹਨ ਅਤੇ ਆਪਣੀ ਪੈਨਸ਼ਨ ਦੇ ਪੈਸੇ ਤੋਂ ਹੈਦਰਾਬਾਦ ਦੀਆਂ ਤਮਾਮ ਸੜਕਾਂ ’ਤੇ ਪਏ ਟੋਇਆਂ ਨੂੰ ਭਰਦੇ ਹਨ।
ਤਿਲਕ ਕਟਨਮ ਦੱਸਦੇ ਹਨ ਕਿ ਉਹ ਰੇਲਵੇ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਮਗਰੋਂ ਹੈਦਰਾਬਾਦ ਸ਼ਿਫਟ ਹੋ ਗਏ। ਉਨ੍ਹਾਂ ਨੇ ਸੜਕਾਂ ’ਤੇ ਟੋਇਆਂ ਦੀ ਵਜ੍ਹਾ ਕਰ ਕੇ ਕਈ ਹਾਦਸੇ ਹੁੰਦੇ ਵੇਖੇ, ਜਿਸ ਕਾਰਨ ਉਨ੍ਹਾਂ ਦਾ ਮਨ ਦੁਖੀ ਹੁੰਦਾ। ਇਸ ਲਈ ਉਨ੍ਹਾਂ ਨੇ ਇਸ ਨੂੰ ਸਬੰਧਤ ਅਥਾਰਟੀ ਨਾਲ ਇਸ ਗੱਲ ਦੀ ਸ਼ਿਕਾਇਤ ਕੀਤੀ ਪਰ ਜਦੋਂ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਖ਼ੁਦ ਹੀ ਟੋਇਆਂ ਨੂੰ ਠੀਕ ਕਰਨ ਦੇ ਕੰਮ ’ਚ ਜੁੱਟ ਜਾਣ ਦਾ ਫ਼ੈਸਲਾ ਲਿਆ। ਦੱਸ ਦੇਈਏ ਸੋਸ਼ਲ ਮੀਡੀਆ ’ਤੇ ਬਜ਼ੁਰਗ ਜੋੜੇ ਦੀ ਲੋਕ ਕਾਫੀ ਤਾਰੀਫ਼ ਕਰ ਰਹੇ ਹਨ। ਲੋਕ ਉਨ੍ਹਾਂ ਨੂੰ ਸੈਲਿਊਟ ਕਰ ਰਹੇ ਹਨ। ਬਜ਼ੁਰਗ ਜੋੜੇ ਦੀ ਇਸ ਮੁਹਿੰਮ ਨਾਲ ਕਈ ਲੋਕਾਂ ਦੀ ਜਾਨ ਬਚ ਰਹੀ ਹੈ ਅਤੇ ਹਾਦਸੇ ਟਲ ਰਹੇ ਹਨ।
ਅੱਜ ਸ਼ਰਧਾਲੂਆਂ ਦੇ ਬਿਨਾਂ ਨਿਕਲੇਗੀ ਭਗਵਾਨ ਜਗਨਨਾਥ ਦੀ ਵਿਸ਼ਵ ਪ੍ਰਸਿੱਧ ਰਥ ਯਾਤਰਾ
NEXT STORY