ਜਲੰਧਰ (ਪਾਹਵਾ) - ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਇਕ ਵਾਰ ਫਿਰ ਉਹੀ ਪੁਰਾਣੇ ਤੱਥ ਦੁਹਰਾਅ ਗਏ। ਇਸ ਸੂਬੇ ਦਾ ਵੋਟਰ ਸਿੱਧਾ, ਦੋ-ਪਾਸੜ ਲੜਾਈ ’ਚ ਹੀ ਭਰੋਸਾ ਰੱਖਦਾ ਹੈ। ਪੂਰਾ ਚੋਣ ਮੈਦਾਨ ਆਖਿਰਕਾਰ ਰਾਜਗ ਅਤੇ ਮਹਾਗੱਠਜੋੜ ਦੇ ਉਮੀਦਵਾਰਾਂ ਦੀ ਜੰਗ ਤੱਕ ਸੁੰਗੜ ਕੇ ਰਹਿ ਗਿਆ, ਜਦੋਂ ਕਿ ਤੀਸਰੇ ਮੋਰਚੇ ਦਾ ਸੁਪਨਾ ਫਿਰ ਇਕ ਵਾਰ ਢਹਿ-ਢੇਰੀ ਹੋ ਗਿਆ। ਕਦੇ ਪ੍ਰਸ਼ਾਂਤ ਕਿਸ਼ੋਰ ਦੀ ਜਨਸੁਰਾਜ ਪਾਰਟੀ ਨੂੰ ਲੈ ਕੇ ਵੱਡੀ ਹਲਚਲ ਸੀ। ਟੀ. ਵੀ. ਬਹਿਸਾਂ ਤੋਂ ਲੈ ਕੇ ਪਿੰਡਾਂ ਦੇ ਚੌਰਾਹਿਆਂ ਤੱਕ ਚਰਚਾ ਸੀ ਕਿ ਇਹ ਪਾਰਟੀ ਰਾਜਨੀਤੀ ’ਚ ਨਵੀਂ ਹਵਾ ਲਿਆ ਸਕਦੀ ਹੈ ਪਰ ਜਿਵੇਂ-ਜਿਵੇਂ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ, ਸਾਰੇ ਦਾਅਵੇ ਅਤੇ ਚਰਚਾਵਾਂ ਠੰਢੀਆਂ ਪੈ ਗਈਆਂ। ਜਨਸੁਰਾਜ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਕਦੇ ਅਸਦੂਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਚਰਚਾ ’ਚ ਰਹੀ ਅਤੇ ਲੱਗਾ ਕਿ ਇਹ ਬਦਲਾਅ ਲਿਆਉਣਗੇ ਪਰ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ। ਕਈ ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰ ਦੂਜੇ ਨੰਬਰ ’ਤੇ ਆਉਣ ਲਈ ਵੀ ਸੰਘਰਸ਼ ਕਰਦੇ ਰਹੇ, ਜੋ ਸਪੱਸ਼ਟ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਦੀ ਚਮਕ ਜ਼ਮੀਨੀ ਵੋਟਾਂ ’ਚ ਨਹੀਂ ਬਦਲ ਸਕੀ।
ਪ੍ਰਸ਼ਾਂਤ ਕਿਸ਼ੋਰ ਉਰਫ PK : ਸਰੋਤੇ ਵੋਟ ਬੈਂਕ ’ਚ ਨਹੀਂ ਬਦਲੇ
ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀ ਦਾ ਸਭ ਤੋਂ ਵੱਡਾ ਸੰਕਟ ਇਹੀ ਸੀ। ਜਨਸੁਰਾਜ ਦੀ ਹਾਜ਼ਰੀ ਇੰਟਰਨੈੱਟ ਦੀ ਦੁਨੀਆ ’ਚ ਤਾਂ ਦਿਸੀ ਪਰ ਪਿੰਡ, ਟੋਲੇ ਅਤੇ ਬੂਥ ਪੱਧਰ ’ਤੇ ਉਸ ਦੀਆਂ ਜੜ੍ਹਾਂ ਬੇਹੱਦ ਕਮਜ਼ੋਰ ਰਹੀਆਂ। ਪਾਰਟੀ ਕੋਲ ਬੇਸਿਕ ਪੱਧਰ ’ਤੇ ਬੂਥ ਇੰਚਾਰਜ (BLA) ਤੱਕ ਦੀ ਕਮੀ ਸੀ, ਜਿਸ ਕਾਰਨ ਵੋਟਾਂ ਵਾਲੇ ਦਿਨ ਪ੍ਰਬੰਧਨ ਬੁਰੀ ਤਰ੍ਹਾਂ ਢਹਿ ਗਿਆ। ਇਸ ਦੇ ਨਾਲ ਹੀ, ਕਈ ਸਰਗਰਮ ਸਥਾਨਕ ਨੇਤਾਵਾਂ ਨਾਲ ਟਿਕਟ ਦਾ ਵਾਅਦਾ ਕਰ ਕੇ ਆਖਰੀ ਸਮੇਂ ’ਚ ਬਦਲਿਆ ਗਿਆ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਸਾਫ਼ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦਾ ਖੁਦ ਮੈਦਾਨ ’ਚ ਨਾ ਉਤਰਨਾ ਲੋਕਾਂ ਦੇ ਮਨ ’ਚ ਇਕ ਵੱਡਾ ਸਵਾਲ ਛੱਡ ਗਿਆ। ਕਈ ਸਮਰਥਕਾਂ ਨੇ ਇਸ ਨੂੰ ਲੀਡਰਸ਼ਿਪ ਦੇ ਆਤਮਵਿਸ਼ਵਾਸ ਦੀ ਕਮੀ ਮੰਨਿਆ। ਉੱਪਰੋਂ, ਨਿਤੀਸ਼ ਸਰਕਾਰ ’ਤੇ ਲਗਾਤਾਰ ਤਿੱਖੇ ਹਮਲਿਆਂ ਨੇ ਪੇਂਡੂ ਇਲਾਕਿਆਂ ’ਚ ਉਲਟਾ ਅਸਰ ਵਿਖਾਇਆ। ਜਦ (ਯੂ) ਨੇ ਇਸ ਨੂੰ ਭੁਨਾਉਂਦੇ ਹੋਏ PK ਨੂੰ ‘ਨੈਗੇਟਿਵ ਪਾਲੀਟਿਕਸ’ ਦਾ ਚਿਹਰਾ ਦੱਸਣ ’ਚ ਦੇਰ ਨਹੀਂ ਕੀਤੀ। ਜਨਸੁਰਾਜ ਦੇ ਅੰਦਰ ਏਕਤਾ ਦੀ ਕਮੀ ਵੀ ਸਮੇਂ-ਸਮੇਂ ’ਤੇ ਸਾਹਮਣੇ ਆਈ। ਕਈ ਸੀਟਾਂ ’ਤੇ ਉਮੀਦਵਾਰ ਤੈਅ ਕਰਨ ਨੂੰ ਲੈ ਕੇ ਅਸਹਿਮਤੀ ਰਹੀ। ਕੁਝ ਪ੍ਰਭਾਵਸ਼ਾਲੀ ਸਥਾਨਕ ਨੇਤਾਵਾਂ ਨੇ ਅਸਪੱਸ਼ਟ ਰਣਨੀਤੀ ਕਾਰਨ ਦੂਰੀ ਬਣਾ ਲਈ। ਰਾਜਨੀਤਿਕ ਹਲਕਿਆਂ ’ਚ ਇਹ ਵੀ ਚਰਚਾ ਰਹੀ ਕਿ ਪ੍ਰਸ਼ਾਂਤ ਕਿਸ਼ੋਰ ਦਾ ਕੰਮ ਕਰਨ ਦਾ ਤਰੀਕਾ ਕਈ ਪੁਰਾਣੇ ਅਤੇ ਨਵੇਂ ਨੇਤਾਵਾਂ ਨੂੰ ਖੁਦ ਨਾਲ ਜੋੜ ਨਹੀਂ ਸਕਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਪਾਰਟੀ ਜਿੰਨੀ ਤੇਜ਼ੀ ਨਾਲ ਗੱਲਬਾਤ ਬਣਾ ਰਹੀ ਸੀ, ਓਨੀ ਹੀ ਤੇਜ਼ੀ ਨਾਲ ਉਸ ਦਾ ਸਥਾਨਕ ਢਾਂਚਾ ਕਮਜ਼ੋਰ ਹੁੰਦਾ ਗਿਆ।
ਪੜ੍ਹੋ ਇਹ ਵੀ : ਜੰਮੂ-ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ
ਮੁਸਲਮਾਨ ਵੋਟ ’ਤੇ ਨਹੀਂ ਦਿਸੀ ਓਵੈਸੀ ਦੀ ਪਕੜ
ਸੀਮਾਂਚਲ ’ਚ ਆਖ਼ਿਰਕਾਰ ਅਸਦੂਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਚਰਚਾ ’ਚ ਰਹਿਣ ਤੋਂ ਬਾਅਦ ਸ਼ਾਂਤ ਹੋ ਗਈ। ਵੱਡੇ ਦਾਅਵੇ ਸਨ ਕਿ ਮੁਸਲਮਾਨ ਵੋਟ ਇਧਰੋਂ ਓਧਰ ਕਰ ਦੇਣਗੇ, ਪੂਰਾ ਮਾਹੌਲ ਬਦਲ ਦੇਣਗੇ ਪਰ ਚੋਣ ਨਤੀਜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਬਿਹਾਰ ਦੀ ਰਾਜਨੀਤੀ ’ਚ ਇਸ ਵਾਰ ਇਕ ਦਿਲਚਸਪ ਪਹਿਲੂ ਸਾਹਮਣੇ ਆਇਆ। ਅਸਦੂਦੀਨ ਓਵੈਸੀ ਨੇ ਚੋਣਾਂ ਤੋਂ ਪਹਿਲਾਂ ਮਹਾਗੱਠਜੋੜ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਖੁਦ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਸਾਬਕਾ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਤੱਕ ਸੁਨੇਹਾ ਪਹੁੰਚਾਇਆ ਸੀ ਕਿ ਜੇਕਰ ਏ. ਆਈ. ਐੱਮ. ਆਈ. ਐੱਮ. ਨੂੰ ਵੀ ਗੱਠਜੋੜ ’ਚ ਜਗ੍ਹਾ ਮਿਲ ਜਾਵੇ ਤਾਂ ਵੋਟਾਂ ਨੂੰ ਖਿੱਲਰਨ ਤੋਂ ਰੋਕਿਆ ਜਾ ਸਕਦਾ ਹੈ ਅਤੇ ਵਿਰੋਧੀ ਧਿਰ ਮਜ਼ਬੂਤ ਹੋ ਕੇ ਸੱਤਾ ਦੀ ਦੌੜ ’ਚ ਅੱਗੇ ਵਧ ਸਕਦੀ ਹੈ ਪਰ ਇਸ ਪਹਿਲ ’ਤੇ ਰਾਜਦ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਨਾ ਤਾਂ ਰਸਮੀ ਗੱਲ ਹੋਈ ਅਤੇ ਨਾ ਹੀ ਕਿਸੇ ਪੱਧਰ ’ਤੇ ਸੰਕੇਤ ਦਿੱਤਾ ਗਿਆ। ਇਸ ਤੋਂ ਸਪੱਸ਼ਟ ਹੋ ਗਿਆ ਕਿ ਓਵੈਸੀ ਦਾ ਇਹ ਪ੍ਰਸਤਾਵ ਚੁੱਪਚਾਪ ਠੰਢੇ ਬਸਤੇ ’ਚ ਪਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਮਹਾਗੱਠਜੋੜ ’ਚ ਆਉਣ ਦੀਆਂ ਸੰਭਾਵਨਾਵਾਂ ਉੱਥੇ ਹੀ ਖਤਮ ਹੋ ਗਈਆਂ।
ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ
ਨਵੀਆਂ ਪਾਰਟੀਆਂ ਲਈ ਚੋਣ ਜ਼ਮੀਨ ਆਸਾਨ ਨਹੀਂ
ਜਨਸੁਰਾਜ ਜਾਂ ਏ. ਆਈ. ਐੱਮ. ਆਈ. ਐੱਮ. ਹੀ ਨਹੀਂ, ਸਗੋਂ ਜਿਨ੍ਹਾਂ ਛੋਟੀਆਂ ਪਾਰਟੀਆਂ ਨੇ ਖੁਦ ਨੂੰ ਬਦਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦਾ ਵੀ ਹਾਲ ਲੱਗਭਗ ਇਹੀ ਰਿਹਾ। ਤੇਜਪ੍ਰਤਾਪ ਯਾਦਵ ਦੀ ਨਵੀਂ ਪਾਰਟੀ ‘ਜਨਸ਼ਕਤੀ ਜਨਤਾ ਦਲ’ ਆਪਣੀ ਸ਼ੁਰੂਆਤ ’ਚ ਹੀ ਲੜਖੜਾ ਗਈ। ਮਹੂਆ ਸੀਟ ਤੋਂ ਖੁਦ ਤੇਜਪ੍ਰਤਾਪ ਦੀ ਹਾਰ ਨੇ ਪਾਰਟੀ ਦੇ ਸੁਪਨਿਆਂ ’ਤੇ ਬ੍ਰੇਕ ਲਾ ਦਿੱਤੀ। ਓਵੈਸੀ ਦੀ ਏ. ਆਈ. ਐੱਮ. ਆਈ. ਐੱਮ. ਸੀਮਾਂਚਲ ਦੇ ਕੁਝ ਇਲਾਕਿਆਂ ’ਚ ਜ਼ਰੂਰ ਥੋੜ੍ਹੀ ਪਕੜ ਬਣਾ ਸਕੀ ਪਰ ਸੂਬਾ ਪੱਧਰੀ ਅਸਰ ਨਹੀਂ ਵਿਖਾ ਸਕੀ। ਬਸਪਾ ਵੀ ਪੂਰੀ ਮੁਹਿੰਮ ਤੋਂ ਬਾਅਦ ਸਿਰਫ ਇਕ ਸੀਟ ਤੱਕ ਸੀਮਤ ਰਹਿ ਗਈ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਇਹ ਕਹਾਣੀ ਪਹਿਲੀ ਵਾਰ ਦੀ ਨਹੀਂ-ਬਿਹਾਰ ’ਚ ਤੀਜਾ ਬਦਲ ਵਾਰ-ਵਾਰ ਡੁੱਬਿਆ
ਦਰਅਸਲ ਇਹ ਸੰਕਟ ਨਵਾਂ ਨਹੀਂ ਹੈ। 2005 ਦੇ ਬਾਅਦ ਤੋਂ ਹੁਣ ਤੱਕ ਹਰ ਵਿਧਾਨ ਸਭਾ ਚੋਣਾਂ ’ਚ ਤੀਸਰੇ ਬਦਲ ਦਾ ਦਾਅ ਲਗਾਤਾਰ ਫੇਲ ਹੁੰਦਾ ਆਇਆ ਹੈ। ਪਾਰਟੀਆਂ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ, ਮੁੱਦੇ ਬਦਲਦੇ ਰਹੇ, ਪਰ ਜਨਤਾ ਨੇ ਹਰ ਵਾਰ ਸਪੱਸ਼ਟ ਫੈਸਲੇ ਦਿੱਤੇ, ਉਸ ਨੂੰ ਸਥਿਰ ਸਰਕਾਰ ਚਾਹੀਦੀ ਹੈ, ਖਿੱਲਰਿਆ ਲੋਕ ਫਤਵਾ ਨਹੀਂ। ਪਿਛਲੀਆਂ ਚੋਣਾਂ ਦੱਸਦੀਆਂ ਹਨ ਕਿ ਜਨਤਾ ‘ਤਿਕੋਣੀ ਲੜਾਈ’ ਨੂੰ ਨਕਾਰਦੀ ਰਹੀ ਹੈ। 2020 ’ਚ ਰਾਜਗ ਨੂੰ 125 ਸੀਟਾਂ ਮਿਲੀਆਂ, ਮਹਾਗੱਠਜੋੜ 110 ’ਤੇ ਸਿਮਟ ਗਿਆ। ਤੀਸਰੇ ਬਦਲ ਦੇ ਨਾਂ ’ਤੇ ਏ. ਆਈ. ਐੱਮ. ਆਈ. ਐੱਮ. ਨੂੰ 5, ਬਸਪਾ ਨੂੰ 1, ਲੋਜਪਾ ਨੂੰ 1 ਅਤੇ ਇਕ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ। 2015 ’ਚ ਰਾਜਦ–ਜਦ (ਯੂ)–ਕਾਂਗਰਸ ਗੱਠਜੋੜ ਨੇ 178 ਸੀਟਾਂ ਜਿੱਤ ਕੇ ਸੂਬੇ ’ਚ ਪੂਰਨ ਬਹੁਮਤ ਦੀ ਸਰਕਾਰ ਬਣਾਈ। ਖੱਬੇ-ਪੱਖੀ ਪਾਰਟੀਆਂ ਨੇ ਤੀਸਰੇ ਮੋਰਚੇ ਦਾ ਨਾਅਰਾ ਦਿੱਤਾ ਪਰ 243 ਸੀਟਾਂ ’ਚੋਂ ਭਾਕਪਾ ਮਾਲੇ ਸਿਰਫ 3 ਸੀਟਾਂ ਜਿੱਤ ਸਕੀ। ਬਾਕੀ ਸਿਰਫ 4 ਆਜ਼ਾਦ ਉਮੀਦਵਾਰ ਜੇਤੂ ਹੋਏ।
ਵਿਗਿਆਨੀਆਂ ਨੂੰ ਆਂਧਰਾ ਪ੍ਰਦੇਸ਼ 'ਚ ਮਿਲੀ ਕਿਰਲੀ ਦੀ ਨਵੀਂ ਪ੍ਰਜਾਤੀ
NEXT STORY