ਸੋਨੀਪਤ- ਸਿੰਘੂ ਦੀ ਹੱਦ ’ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਪੇਂਡੂਆਂ ਦਰਮਿਆਨ ਚਲੇ ਆ ਰਹੇ ਡੈੱਡਲਾਕ ਦਾ ਐਤਵਾਰ ਕੋਈ ਹੱਲ ਨਹੀਂ ਨਿਕਲਿਆ। ਸੇਰਸਾ ਪਿੰਡ ’ਚ ਆਪਣੀ ਪੰਚਾਇਤ ਕਰ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਨੂੰ ਅਲਟੀਮੇਟਮ ਦਿੱਤਾ ਕਿ ਜੇ ਇਕ ਹਫ਼ਤੇ ਦੇ ਅੰਦਰ-ਅੰਦਰ ਸਿੰਘੂ ਦੀ ਹੱਦ ’ਤੇ ਦਿੱਲੀ ਆਉਣ-ਜਾਣ ਲਈ ਇਕ ਪਾਸੇ ਦਾ ਰਾਹ ਨਾ ਖੋਲ੍ਹਿਆ ਗਿਆ ਤਾਂ ਇਸ ਤੋਂ ਵੀ ਵੱਡੀ ਮਹਾਪੰਚਾਇਤ ਦਿੱਲੀ ’ਚ ਕੀਤੀ ਜਾਏਗੀ ਜਿਸ ਵਿਚ ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪਿੰਡਾਂ ਦੇ ਲੋਕ ਹਿੱਸਾ ਲੈਣਗੇ। ਸਿੰਘੂ ਦੀ ਹੱਦ ’ਤੇ ਪਿੰਡਾਂ ਦੇ ਲੋਕ ਕਈ ਵਾਰ ਕਿਸਾਨਾਂ ਨੂੰ ਇਕ ਪਾਸੇ ਦਾ ਰਾਹ ਖੋਲ੍ਹਣ ਦੀ ਮੰਗ ਕਰ ਚੁੱਕੇ ਹਨ। ਇਸ ਨੂੰ ਲੈ ਕੇ ਕਿਸਾਨਾਂ ਅਤੇ ਪੇਂਡੂਆਂ ਦੀ ਪ੍ਰਸ਼ਾਸਨ ਨਾਲ ਕਈ ਵਾਰ ਬੈਠਕ ਵੀ ਹੋ ਚੁੱਕੀ ਹੈ ਪਰ ਜਦੋਂ ਕੋਈ ਹੱਲ ਨਹੀਂ ਨਿਕਲਿਆ ਤਾਂ ਪੇਂਡੂਆਂ ਨੇ ਐਤਵਾਰ ਕੁੰਡਲੀ ਦੀ ਹੱਦ ’ਤੇ ਸਥਿਤ ਪਿੰਡ ਸੇਰਸਾ ਵਿਖੇ ਰਾਸ਼ਟਰਵਾਦੀ ਏਕਤਾ ਮੰਚ ਦੇ ਬੈਨਰ ਹੇਠ ਪੰਚਾਇਤ ਦਾ ਆਯੋਜਨ ਕੀਤਾ। ਇਸ ਵਿਚ ਰਾਈ ਦੇ ਲਗਭਗ ਇਕ ਦਰਜਨ ਪਿੰਡਾਂ ਦੇ ਨਾਲ-ਨਾਲ ਦਿੱਲੀ ਦੇ ਕਈ ਪਿੰਡਾਂ ਤੋਂ ਵੀ ਲੋਕ ਸ਼ਾਮਲ ਹੋਏ। ਪੰਚਾਇਤ ਦੇ ਇਕ ਪ੍ਰਮੁੱਖ ਮੈਂਬਰ ਰਾਮਫਲ ਸਰੋਹਾ ਨੇ ਕਿਹਾ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਕੋਈ ਟਕਰਾਅ ਨਹੀਂ ਹੈ ਪਰ 7 ਮਹੀਨਿਆਂ ਤੋਂ ਉਨ੍ਹਾਂ ਦੇ ਰਾਹ ਬੰਦ ਹਨ ਜਿਸ ਕਾਰਨ ਨਾ ਸਿਰਫ ਦੁਕਾਨਾਂ, ਸ਼ੋਅਰੂਮ ਅਤੇ ਹੋਰ ਵਪਾਰਕ ਅਦਾਰੇ ਬੰਦ ਹੋ ਚੁੱਕੇ ਹਨ ਸਗੋਂ ਦਿੱਲੀ ’ਚ ਕੋਚਿੰਗ ਲਈ ਜਾਣ ਵਾਲੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਕੁਝ ਲੋਕ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਦਾ ਕਰ ਰਹੇ ਹਨ ਵਿਰੋਧ : ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚਾ ਨੇ ਇਕ ਵਾਰ ਮੁੜ ਦੋਸ਼ ਲਾਏ ਕਿ ਕੁਝ ਲੋਕ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਦਾ ਵਿਰੋਧ ਕਰ ਰਹੇ ਹਨ ਜਦੋਕਿ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਉਹ ਭਰਪੂਰ ਸਹਿਯੋਗ ਦੇ ਰਹੇ ਹਨ। ਸਰਕਾਰ ਚਾਹੁੰਦੀ ਹੈ ਕਿ ਆਪਸ ਵਿਚ ਲੜਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਏ। ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ 26 ਜੂਨ ਨੂੰ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਹਰ ਸੂਬੇ ’ਚ ਰੋਸ ਮਾਰਚ ਕੱਢੇ ਜਾਣਗੇ ਅਤੇ ਉਥੋਂ ਦੇ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ। ਮੰਗ ਪੱਤਰ ’ਚ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਜ਼ਿਕਰ ਕੀਤਾ ਜਾਏਗਾ। ਉੱਥੇ ਹੀ ਕਿਸਾਨਾਂ ਨੇ ਫ਼ੈਸਲਾ ਲਿਆ ਕਿ ਹਰਿਆਣਾ 'ਚ ਸੋਮਵਾਰ ਨੂੰ ਯੋਗ ਦਿਵਸ 'ਤੇ ਪਿੰਡਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇਤਾਵਾਂ ਨੂੰ ਆਉਣ ਤੋਂ ਰੋਕਿਆ ਜਾਵੇਗਾ।
ਜੰਮੂ ਕਸ਼ਮੀਰ : ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਲਸ਼ਕਰ ਕਮਾਂਡਰ ਸਮੇਤ ਮਾਰੇ ਗਏ ਤਿੰਨ ਅੱਤਵਾਦੀ
NEXT STORY