ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਸਥਿਰ, ਭਰੋਸੇਮੰਦ ਅਤੇ ਰਚਨਾਤਮਕ ਸਬੰਧ ਖੇਤਰੀ ਅਤੇ ਵਿਸ਼ਵ ਸ਼ਾਂਤੀ ਤੇ ਖੁਸ਼ਹਾਲੀ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ। ਭਾਰਤ ਦੇ ਦੌਰੇ ’ਤੇ ਆਏ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਸ਼ਾਮ ਨੂੰ ਮੋਦੀ ਨਾਲ ਮੁਲਾਕਾਤ ਕੀਤੀ।
ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕਜ਼ਾਨ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਭਾਰਤ-ਚੀਨ ਸਬੰਧਾਂ ’ਚ ਇਕ-ਦੂਜੇ ਦੇ ਹਿੱਤਾਂ ਅਤੇ ਸੰਵੇਦਨਸ਼ੀਲਤਾ ਦੇ ਸਬੰਧ ’ਚ ਨਿਰੰਤਰ ਤਰੱਕੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ’ਚ ਚੀਨ ਦੀ ਯਾਤਰਾ ਦੌਰਾਨ ਸ਼ੀ ਜਿਨਪਿੰਗ ਨੂੰ ਮਿਲਣ ਲਈ ਉਤਸੁਕ ਹਨ।
ਚੀਨ ਨੇ ਮੰਨਿਆ ਮੁਸ਼ਕਿਲ ਦੌਰ ਦੋਵਾਂ ਦੇਸ਼ਾਂ ਦੇ ਹਿੱਤ ’ਚ ਨਹੀਂ ਸੀ
ਗਲਵਾਨ ’ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਝੜਪ ਦੇ 5 ਸਾਲ ਬਾਅਦ ਚੀਨ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਮੰਨਿਆ ਕਿ ਪਿਛਲੇ ਕੁਝ ਸਾਲਾਂ ਦਾ ਮੁਸ਼ਕਿਲ ਦੌਰ ਦੋਵਾਂ ਦੇਸ਼ਾਂ ਦੇ ਹਿੱਤ ’ਚ ਨਹੀਂ ਸੀ ਅਤੇ ਹੁਣ ਦੋਵਾਂ ਨੂੰ ਸਹਿਮਤੀ ਬਣਾ ਕੇ ਸਰਹੱਦਾਂ ’ਤੇ ਖਾਸ ਮੁੱਦਿਆਂ ਨੂੰ ਹੱਲ ਕਰਕੇ ਆਪਸੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ। ਭਾਰਤ ਨੇ ਵੀ ਸਰਹੱਦ ’ਤੇ ਸ਼ਾਂਤੀ ਅਤੇ ਸਦਭਾਵਨਾ ਕਾਰਨ ਸਬੰਧਾਂ ਦੇ ਮਜ਼ਬੂਤ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਨੂੰ ਹਾਂ-ਪੱਖੀ ਦਿਸ਼ਾ ’ਚ ਅੱਗੇ ਵਧਣ ’ਚ ਮਦਦ ਮਿਲੀ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਮੰਗਲਵਾਰ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਆਗਾਮੀ ਸੰਮੇਲਨ ’ਚ ਹਿੱਸਾ ਲੈਣ ਲਈ ਚੀਨ ਜਾਣਗੇ। ਡੋਭਾਲ ਨੇ ਕਿਹਾ ਕਿ ਸਰਹੱਦ ’ਤੇ ਸ਼ਾਂਤੀ ਅਤੇ ਸਦਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ, ‘‘ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਹੁਣ ਹੋਰ ਮਜ਼ਬੂਤ ਹੋ ਗਏ ਹਨ।’’
ਭਾਰਤ ਨੂੰ ਫਰਟੀਲਾਈਜ਼ਰ ਅਤੇ ਰੇਅਰ ਅਰਥ ਮੈਟਲ ਦੇਵੇਗਾ ਚੀਨ
ਚੀਨ ਨੇ ਭਾਰਤ ਨੂੰ ਫਰਟੀਲਾਈਜ਼ਰ ਅਤੇ ਰੇਅਰ ਅਰਥ ਮੈਟਲ ਦੀ ਸਪਲਾਈ ਨਾਲ ਸਬੰਧਤ ਪਾਬੰਦੀਆਂ ’ਚ ਢਿੱਲ ਦੇਣ ’ਤੇ ਸਹਿਮਤੀ ਪ੍ਰਗਟਾਈ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਚੀਨ ਨੇ ਭਾਰਤ ਦੀਆਂ 3 ਪ੍ਰਮੁੱਖ ਚਿੰਤਾਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਇਕ ਸੂਤਰ ਨੇ ਕਿਹਾ, ‘‘(ਚੀਨ ਦੇ) ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਭਰੋਸਾ ਦਿੱਤਾ ਕਿ ਭਾਰਤ ਦੀਆਂ ਫਰਟੀਲਾਈਜ਼ਰਸ, ਰੇਅਰ ਅਰਥ ਮੈਟਲ ਅਤੇ ਸੁਰੰਗ ਬਣਾਉਣ ਵਾਲੀਆਂ ਮਸ਼ੀਨਾਂ ਦੀਆਂ ਜ਼ਰੂਰਤਾਂ ਨੂੰ ਚੀਨ ਪੂਰਾ ਕਰੇਗਾ।’’
ਤਾਈਵਾਨ ’ਤੇ ਭਾਰਤ ਦੇ ਸਟੈਂਡ ’ਚ ਕੋਈ ਬਦਲਾਅ ਨਹੀਂ
ਤਾਈਵਾਨ ’ਤੇ ਭਾਰਤ ਦੇ ਸਟੈਂਡ ’ਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਨਵੀਂ ਦਿੱਲੀ ਦੇ ਤਾਈਵਾਨ ਨਾਲ ਆਰਥਿਕ, ਤਕਨੀਕੀ ਅਤੇ ਸੱਭਿਆਚਾਰਕ ਸਬੰਧਾਂ ’ਤੇ ਆਧਾਰਿਤ ਰਿਸ਼ਤੇ ਹਨ। ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਪੱਸ਼ਟੀਕਰਨ ਅਜਿਹੇ ਸਮੇਂ ਆਇਆ ਹੈ ਜਦੋਂ ਚੀਨੀ ਮੀਡੀਆ ’ਚ ਖਬਰਾਂ ਹਨ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਦੌਰਾਨ ਮੁੜ ਪੁਸ਼ਟੀ ਕੀਤੀ ਕਿ ਨਵੀਂ ਦਿੱਲੀ, ਤਾਈਵਾਨ ਨੂੰ ਚੀਨ ਦਾ ਹਿੱਸਾ ਮੰਨਦੀ ਹੈ।
ਟਰੈਕ 'ਤੇ ਫਸੀ ਟਰੇਨ, ਅੰਦਰ ਫਸੇ ਯਾਤਰੀਆਂ ਦਾ ਘੁੱਟ ਰਿਹੈ ਦਮ
NEXT STORY