ਜਲੰਧਰ (ਇੰਟ.)- ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਨਾ ਚੁਕਾਏ ਜਾਣ ਦੇ ਮਾਮਲੇ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਪਿਛਲੇ ਸੋਮਵਾਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰਾਜ ਸਭਾ ਦੇ ਮੈਂਬਰ ਵਜੋਂ ਸੰਜੇ ਸਿੰਘ ਨੂੰ ਸਹੁੰ ਚੁਕਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਹੈ। ਕਮੇਟੀ ਦੇ ਫੈਸਲੇ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਸੰਜੇ ਸਿੰਘ ਸਹੁੰ ਚੁੱਕ ਸਕਦੇ ਹਨ ਜਾਂ ਨਹੀਂ। ਮਾਮਲੇ ਨਾਲ ਜੁੜੇ ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਸੰਜੇ ਸਿੰਘ ਦੇ 8 ਜਾਂ 9 ਫਰਵਰੀ ਨੂੰ ਸਹੁੰ ਚੁੱਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਸਬੰਧੀ ਸਿਆਸੀ ਹਲਕਿਆਂ ਵਿੱਚ ਚਰਚਾ ਹੋ ਰਹੀ ਹੈ।
ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਤੈਅ ਨਹੀਂ
ਜਾਣਕਾਰੀ ਅਨੁਸਾਰ 11 ਅਗਸਤ 2023 ਨੂੰ ਉਪਰਲੇ ਹਾਊਸ ਨੇ ਹੁਕਮ ਪਾਸ ਕੀਤਾ ਸੀ ਕਿ ਸੰਜੇ ਸਿੰਘ ਉਦੋਂ ਤੱਕ ਮੁਅੱਤਲ ਰਹਿਣਗੇ ਜਦੋਂ ਤੱਕ ਵਿਸ਼ੇਸ਼ ਅਧਿਕਾਰ ਕਮੇਟੀ ਆਪਣੀ ਰਿਪੋਰਟ ਪੇਸ਼ ਨਹੀਂ ਕਰਦੀ ਅਤੇ ਹਾਊਸ ਉਸ ਤੇ ਕੋਈ ਫੈਸਲਾ ਨਹੀਂ ਲੈ ਲੈਂਦਾ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਮੰਗਲਵਾਰ ਰਾਤ ਤੱਕ ਆਪਣੀ ਰਿਪੋਰਟ ਨਹੀਂ ਸੌਂਪੀ ਸੀ। ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਵੀ ਅਜੇ ਤੈਅ ਨਹੀਂ ਹੋਈ। ਜਦੋਂ ਕਮੇਟੀ ਦੀ ਰਿਪੋਰਟ ਰਾਜ ਸਭਾ ਵਿੱਚ ਪੇਸ਼ ਕੀਤੀ ਜਾਵੇਗੀ ਤਾਂ ਹਾਊਸ ਸਭ ਤੋਂ ਪਹਿਲਾਂ ਸੰਜੇ ਸਿੰਘ ਦੀ ਮੁਅੱਤਲੀ ਬਾਰੇ ਫੈਸਲਾ ਕਰੇਗਾ। ਜੇ ਮੁਅੱਤਲੀ ਰੱਦ ਹੁੰਦੀ ਹੈ ਤਾਂ ਰਾਜ ਸਭਾ ਦਾ ਸਕੱਤਰੇਤ ਸੰਜੇ ਸਿੰਘ ਨੂੰ ਸਹੁੰ ਚੁੱਕਣ ਲਈ ਸੰਮਨ ਜਾਰੀ ਕਰੇਗਾ। ਫਿਲਹਾਲ ਉਨ੍ਹਾਂ ਨੂੰ ਕੋਈ ਸੰਮਨ ਜਾਰੀ ਨਹੀਂ ਕੀਤਾ ਗਿਆ। ਸੰਮਨ ਜਾਰੀ ਹੋਣ ਤੋਂ ਬਾਅਦ ਹੀ ਉਹ ਮੈਂਬਰ ਵਜੋਂ ਸਹੁੰ ਚੁੱਕਣਗੇ।
ਅਦਾਲਤ ਦੀ ਕੀ ਹੈ ਭੂਮਿਕਾ
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਅਦਾਲਤ ਸੰਜੇ ਸਿੰਘ ਨੂੰ ਸਿਰਫ਼ ਇੱਕ ਨਿਸ਼ਚਿਤ ਸਮੇਂ ਲਈ ਤਿਹਾੜ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਸਕਦੀ ਹੈ। ਸਹੁੰ ਚੁੱਕ ਸਮਾਗਮ ਵਿਚ ਅਦਾਲਤ ਦੀ ਕੋਈ ਭੂਮਿਕਾ ਨਹੀਂ ਹੈ। ਦੱਸਣਯੋਗ ਹੈ ਕਿ ਸੰਜੇ ਸਿੰਘ ਦਿੱਲੀ ਸ਼ਰਾਬ ਘਪਲੇ ਵਿੱਚ ਜੇਲ ’ਚ ਬੰਦ ਹਨ। ਉਨ੍ਹਾਂ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਲਈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਤੋਂ ਇਜਾਜ਼ਤ ਲਈ ਸੀ, ਪਰ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਰੋਕ ਦਿੱਤਾ ਗਿਆ ਸੀ। ਸੰਜੇ ਸਿੰਘ ਨੇ ਅਦਾਲਤ ਤੋਂ ਸੱਤ ਦਿਨਾਂ ਲਈ ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜੋ ਉਹ 5 ਤੋਂ 9 ਫਰਵਰੀ ਤੱਕ ਚੱਲਣ ਵਾਲੇ ਸੰਸਦ ਦੇ ਸੈਸ਼ਨ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ 5 ਫਰਵਰੀ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਦੀ ਗੱਲ ਵੀ ਕਹੀ ਸੀ। ਦੱਸਿਆ ਜਾਂਦਾ ਹੈ ਕਿ ਅਦਾਲਤ ਨੇ ਸੰਜੇ ਸਿੰਘ ਨੂੰ ਰਾਜ ਸਭਾ ਦੀ ਕਾਰਵਾਈ ’ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਦਾਲਤ ਨੇ ਸੰਜੇ ਸਿੰਘ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਹੀ ਇਜਾਜ਼ਤ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1,500 ਰੁਪਏ ਲਈ ਦੋਸਤ ਬਣਿਆ ਕਾਤਲ, ਗਲ਼ਾ ਵੱਢ ਕਰ ਦਿੱਤਾ ਬੇਰਹਿਮੀ ਨਾਲ ਕਤਲ
NEXT STORY