ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਭਾਜਪਾ ’ਚ ਇਕ ਵੱਡਾ ਮੰਥਨ ਹੋਣ ਵਾਲਾ ਹੈ। ਉਨ੍ਹਾਂ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਸੰਕੇਤ ਦਿੰਦੇ ਹੋਏ ਕਿਹਾ ਕਿ ਇਕ ਨਵਾਂ ਪਾਰਟੀ ਪ੍ਰਧਾਨ ਜਲਦੀ ਹੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਬਿਹਾਰ ’ਚ ਸਰਕਾਰ ਬਣਾਉਣ ਤੋਂ ਤੁਰੰਤ ਬਾਅਦ ਇਕ ਨਵਾਂ ਰਾਸ਼ਟਰੀ ਪ੍ਰਧਾਨ ਚੁਣ ਸਕਦੀ ਹੈ। ਮੈਂ ਇਹ ਫੈਸਲਾ ਨਹੀਂ ਕਰਦਾ - ਪਾਰਟੀ ਕਰਦੀ ਹੈ ਪਰ ਬਿਹਾਰ ’ਚ ਸਰਕਾਰ ਬਣਨ ਤੋਂ ਬਾਅਦ ਇਹ ਕੀਤਾ ਜਾ ਸਕਦਾ ਹੈ। ਜੇ. ਪੀ. ਨੱਡਾ ਨੂੰ ਹੁਣ ਤਕ ਪ੍ਰਧਾਨ ਬਣਾਈ ਰੱਖਣ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਵਿਦਿਆਰਥੀ ਦਿਨਾਂ ਤੋਂ ਹੀ ਬਿਹਾਰ ਨਾਲ ਜੁੜੇ ਹੋਏ ਸਨ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਬਿਹਾਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਸੀ। ਹੁਣ ਜਦੋਂ ਇਹ ਯੋਜਨਾ ਅਸਫਲ ਹੋ ਗਈ ਹੈ ਜਾਂ ਕਹਿ ਲਓ ਕਿ ਦਫ਼ਨ ਹੋ ਗਈ ਹੈ ਤਾਂ ਭਾਜਪਾ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰ ਸਕਦੀ ਹੈ।
ਨੱਡਾ ਦਾ ਕਿਸੇ ਵੀ ਭਾਜਪਾ ਪ੍ਰਧਾਨ ਦੇ ਸਭ ਤੋਂ ਲੰਬੇ ਕਾਰਜਕਾਲਾਂ ਚੋਂ ਇਕ ਰਿਹਾ ਹੈ। ਪਹਿਲਾਂ ਜੂਨ 2019 ’ਚ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਫਿਰ ਜਨਵਰੀ 2020 ’ਚ ਉਨ੍ਹਾਂ ਪੂਰਾ ਅਹੁਦਾ ਸੰਭਾਲ ਲਿਆ। ਨੱਡਾ ਪਹਿਲਾਂ ਹੀ 2 ਕਾਰਜਕਾਲ ਪੂਰੇ ਕਰ ਚੁੱਕੇ ਹਨ ਤੇ ਇਕ ਐਕਸਟੈਂਸ਼ਨ ਹਾਸਲ ਕਰ ਚੁੱਕੇ ਹਨ।
ਇਹ ਕਿਹਾ ਜਾ ਰਿਹਾ ਹੈ ਕਿ ਅਗਲੇ ਪ੍ਰਧਾਨ ਦੀ ਚੋਣ ਬਹੁਤ ਧਿਆਨ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਨਵਾਂ ਪ੍ਰਧਾਨ 2029 ਦੀਆਂ ਲੋਕ ਸਭਾ ਚੋਣਾਂ ਤੱਕ ਤੇ ਉਸ ਤੋਂ ਬਾਅਦ ਵੀ ਅਹੁਦੇ ’ਤੇ ਰਹੇਗਾ।
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਕੇਂਦਰੀ ਮੰਤਰੀ ਮੰਡਲ, ਸੂਬਿਆਂ ਤੇ ਰਾਜਪਾਲ ਦੇ ਅਹੁਦਿਆਂ ’ਚ ਤਬਦੀਲੀ ਹੋ ਸਕਦੀ ਹੈ। ਸੰਗਠਨ ’ਚ ਵੀ ਵੱਡਾ ਫੇਰਬਦਲ ਹੋ ਸਕਦਾ ਹੈ।
ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਸੱਦਣ ’ਚ ਦੇਰੀ ਦਾ ਕਾਰਨ ਵੀ ਇਨ੍ਹਾਂ ਹੋਣ ਵਾਲੀਆਂ ਤਬਦੀਲੀਆਂ ਨੂੰ ਮੰਨਿਆ ਜਾ ਰਿਹਾ ਹੈ। ਬਿਹਾਰ ’ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਹਾਈ ਕਮਾਂਡ ਕੋਲ ਤਬਦੀਲੀ ਕਰਨ ਦਾ ਸਮਾਂ ਹੋਵੇਗਾ।
ਨਹੀਂ ਤਾਂ 15 ਦਸੰਬਰ ਤੋਂ ਅਸ਼ੁਭ ਸਮਾਂ ਸ਼ੁਰੂ ਹੋ ਜਾਏਗਾ ਤੇ ਕੋਈ ਵੀ ਤਬਦੀਲੀ ਜੇ ਹੈ ਤਾਂ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਜਨਵਰੀ ’ਚ ਕਰਨੀ ਪਵੇਗਾ। ਇਹ ਤਬਦੀਲੀ ਦੂਰਰਸ ਹੋਵੇਗੀ ਕਿਉਂਕਿ 2026 ਤੇ 2027 ’ਚ 12 ਸੂਬਿਆਂ ’ਚ ਚੋਣਾਂ ਹੋਣੀਆਂ ਹਨ।
ਦਿੱਲੀ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਲੱਭ ਲਿਆਵਾਂਗੇ : ਸ਼ਾਹ
NEXT STORY