ਗੁਜਰਾਤ- ਸੋਮਵਾਰ ਸਵੇਰ ਨੂੰ ਵਿਸ਼ਵ ਜੰਗਲੀ ਜੀਵ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਗਿਰ ਜੰਗਲੀ ਜੀਵ ਸੈੰਕਚੂਰੀ ਵਿਖੇ ਜੰਗਲ ਸਫਾਰੀ ਦਾ ਆਨੰਦ ਮਾਣਿਆ। ਸੋਮਨਾਥ ਤੋਂ ਵਾਪਸ ਆਉਣ ਤੋਂ ਬਾਅਦ ਪ੍ਰਧਾਨ ਮੋਦੀ ਨੇ ਸਾਸਨ ਦੇ ਜੰਗਲਾਤ ਗੈਸਟ ਹਾਊਸ ‘ਸਿੰਘ ਸਦਨ’ ਵਿੱਚ ਰਾਤ ਬਿਤਾਈ। ਪਿਛਲੇ ਐਤਵਾਰ ਸ਼ਾਮ ਨੂੰ, ਉਸਨੇ ਸੋਮਨਾਥ ਮੰਦਿਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਵੀ ਕੀਤੀ। ਇਹ 12 ਜੋਤਿਰਲਿੰਗਾਂ 'ਚੋਂ ਪਹਿਲਾ ਜਯੋਤੀਲਿੰਗ ਹੈ।

ਅੱਜ ਪ੍ਰਧਾਨ ਮੰਤਰੀ ‘ਸਿੰਘ ਸਦਨ’ ਤੋਂ ਜੰਗਲ ਸਫਾਰੀ 'ਤੇ ਵੀ ਗਏ। ਕੁਝ ਮੰਤਰੀ ਅਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਮੰਤਰੀ ਗਿਰ ਵਾਈਲਡਲਾਈਫ ਸੈਂਚੁਰੀ ਦੇ ਮੁੱਖ ਦਫਤਰ ਸਾਸਨ ਗਿਰ ਵਿਖੇ ਨੈਸ਼ਨਲ ਬੋਰਡ ਫਾਰ ਵਾਈਲਡਲਾਈਫ (NBWL) ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ। NBWL ਵਿਚ 47 ਮੈਂਬਰ ਹਨ, ਜਿਨ੍ਹਾਂ 'ਚ ਫੌਜ ਮੁਖੀ, ਵੱਖ-ਵੱਖ ਸੂਬਿਆਂ ਦੇ ਮੈਂਬਰ, ਖੇਤਰ ਵਿਚ ਕੰਮ ਕਰਨ ਵਾਲੇ NGO ਦੇ ਨੁਮਾਇੰਦੇ, ਮੁੱਖ ਜੰਗਲੀ ਜੀਵ ਵਾਰਡਨ ਅਤੇ ਵੱਖ-ਵੱਖ ਸੂਬਿਆਂ ਦੇ ਸਕੱਤਰ ਸ਼ਾਮਲ ਹਨ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਾਸਨ 'ਚ ਕੁਝ ਮਹਿਲਾ ਜੰਗਲਾਤ ਕਰਮੀਆਂ ਨਾਲ ਵੀ ਗੱਲਬਾਤ ਕਰਨਗੇ।

ਇਕ ਸਰਕਾਰੀ ਰਿਲੀਜ਼ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ ਏਸ਼ੀਆਈ ਸ਼ੇਰਾਂ ਦੀ ਸੰਭਾਲ ਲਈ ‘ਪ੍ਰਾਜੈਕਟ ਲਾਇਨ’ ਤਹਿਤ 2,900 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਨਜ਼ੂਰ ਕੀਤੀ ਹੈ। ਇਨ੍ਹਾਂ ਸ਼ੇਰਾਂ ਦਾ ਇਕੋ ਇਕ ਨਿਵਾਸ ਸਥਾਨ ਗੁਜਰਾਤ ਹੈ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਏਸ਼ੀਆਈ ਸ਼ੇਰ ਗੁਜਰਾਤ ਦੇ 9 ਜ਼ਿਲ੍ਹਿਆਂ ਦੇ 53 ਤਾਲੁਕਾਵਾਂ ਵਿਚ ਲਗਭਗ 30,000 ਵਰਗ ਕਿਲੋਮੀਟਰ 'ਚ ਰਹਿੰਦੇ ਹਨ। ਇਸ ਤੋਂ ਇਲਾਵਾ ਇਕ ਰਾਸ਼ਟਰੀ ਪ੍ਰਾਜੈਕਟ ਤਹਿਤ ਜੂਨਾਗੜ੍ਹ ਜ਼ਿਲ੍ਹੇ ਦੇ ਨਿਊ ਪਿਪਾਲਿਆ ਵਿਖੇ 20.24 ਹੈਕਟੇਅਰ ਤੋਂ ਵੱਧ ਜ਼ਮੀਨ 'ਤੇ ਜੰਗਲੀ ਜੀਵਾਂ ਦੇ ਡਾਕਟਰੀ ਨਿਦਾਨ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਇਕ ‘ਰਾਸ਼ਟਰੀ ਰੈਫਰਲ ਸੈਂਟਰ’ ਸਥਾਪਤ ਕੀਤਾ ਜਾ ਰਿਹਾ ਹੈ।
ਸਕੂਲਾਂ 'ਚ Smartphone ਲਿਜਾ ਸਕਦੇ ਹਨ ਬੱਚੇ, ਲਾਗੂ ਹੋਵੇਗਾ ਇਹ ਨਿਯਮ
NEXT STORY