ਨਵੀਂ ਦਿੱਲੀ : 'ਦ ਗ੍ਰੇਟ ਖ਼ਲੀ' ਦੇ ਨਾਂ ਤੋਂ ਮਸ਼ਹੂਰ ਰੈਸਲਰ ਦਲੀਪ ਸਿੰਘ ਰਾਣਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਗੱਲ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਟਵੀਟ ਕਰਕੇ ਦਿੱਤੀ। ਕੇਜਰੀਵਾਲ ਨੇ ਪੰਜਾਬੀ 'ਚ ਟਵੀਟ ਕਰਦਿਆਂ ਕਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮ ਉਹਨਾਂ ਨੂੰ ਬਹੁਤ ਪਸੰਦ ਆਏ। ਹੁਣ ਇਹ ਸਭ ਕੰਮ ਪੰਜਾਬ ਵਿੱਚ ਵੀ ਕਰਨੇ ਨੇ, ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਬਦਲਾਂਗੇ।
ਇਹ ਵੀ ਪੜ੍ਹੋ: ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਕਿਵੇਂ ਹੋਵੇਗਾ ਅਪਲਾਈ
ਕੇਜਰੀਵਾਲ ਨੇ ਇਹ ਟਵੀਟ ਕਰਕੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬੀ ਵਿੱਚ ਟਵੀਟ ਕਰਕੇ ਕੇਜਰੀਵਾਲ ਨੇ ਜਿੱਥੇ ਪੰਜਾਬੀਆਂ ਨੂੰ ਸਿੱਧਾ ਸੰਬੋਧਨ ਹੋਣ ਦਾ ਸੰਦੇਸ਼ ਦਿੱਤਾ ਹੈ ਉਥੇ ਹੀ ਇਹ ਦਾਅਵਾ ਕੀਤਾ ਹੈ ਕਿ 'ਦ ਗ੍ਰੇਟ ਖ਼ਲੀ' ਦਿੱਲੀ ਵਿੱਚ ਬਿਜਲੀ-ਪਾਣੀ, ਸਕੂਲ-ਹਸਪਤਾਲ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਹੁਣ ਪੰਜਾਬ ਵਿੱਚ ਵੀ ਇਹ ਸਾਰੇ ਕੰਮ ਕਰਨੇ ਹਨ।
ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੀਆਂ ਸਿਆਸੀ ਸਰਗਰਮੀਆਂ 'ਤੇ ਨਜ਼ਰਾਂ ਰੱਖ ਰਹੇ ਹਨ। ਪੰਜਾਬ 'ਚ ਪ੍ਰਵਾਨਿਤ ਮਸ਼ਹੂਰ ਚਿਹਰਿਆਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਅਤੇ ਭਵਿੱਖਮੁਖੀ ਰਣਨੀਤੀਆਂ ਬਾਰੇ ਜਾਣਕਾਰੀ ਦੇਣ ਦਾ ਕੋਈ ਮੌਕਾ ਕੇਜਰੀਵਾਲ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਇਸ ਤੋਂ ਪਹਿਲਾਂ ਕੇਜਰੀਵਾਲ ਸੋਨੂੰ ਸੂਦ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।ਬੇਸ਼ੱਕ ਸੋਨੂੰ ਸੂਦ ਨੇ ਖ਼ੁਦ ਸਿਆਸਤ 'ਚ ਆਉਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਨਾਲ ਹੀ ਆਪਣੀ ਭੈਣ ਮਾਲਵਿਕਾ ਨੂੰ ਚੋਣ ਲੜਾਉਣ ਦਾ ਐਲਾਨ ਵੀ ਕਰ ਦਿੱਤਾ ਹੈ।ਹਾਲੇ ਤੱਕ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਸੋਨੂੰ ਸੂਦ ਦੀ ਭੈਣ ਕਿਸ ਪਾਰਟੀ ਵੱਲੋਂ ਚੋਣ ਲੜੇਗੀ ਪਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ 20 ਨਵੰਬਰ ਨੂੰ ਮੋਗਾ ਵਿਖੇ ਆ ਰਹੇ ਕੇਜਰੀਵਾਲ ਸੋਨੂੰ ਸੂਦ ਦੀ ਭੈਣ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਦਾ ਐਲਾਨ ਕਰ ਸਕਦੇ ਹਨ।ਹਾਲਾਂਕਿ ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿਉਂਕਿ ਕੁਝ ਦਿਨ ਪਹਿਲਾਂ ਸੋਨੂੰ ਸੂਦ ਮੁੱਖ ਮੰਤਰੀ ਚੰਨੀ ਨੂੰ ਵੀ ਮਿਲ ਚੁੱਕੇ ਹਨ ਅਤੇ ਦੋਵਾਂ ਮੁੱਖ ਮੰਤਰੀਆਂ ਚਰਨਜੀਤ ਚੰਨੀ ਤੇ ਅਰਵਿੰਦ ਕੇਜਰੀਵਾਲ ਦੇ ਕੰਮਾਂ ਦੀ ਤਾਰੀਫ਼ ਕਰ ਚੁੱਕੇ ਹਨ। ਜੇਕਰ ਸੋਨੂੰ ਸੂਦ ਦੀ ਭੈਣ 'ਆਪ' 'ਚ ਸ਼ਾਮਲ ਹੁੰਦੀ ਹੈ ਤਾਂ ਮੋਗਾ ਹਲਕਾ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ 50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
ਨੋਟ :ਕੀ 'ਦ ਗ੍ਰੇਟ ਖ਼ਲੀ' ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਜਾਂ ਨਹੀਂ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਜੰਮੂ, ਸ਼੍ਰੀਨਗਰ ’ਚ ਦੋ ਵੱਖ-ਵੱਖ ‘ਕੈਟ’ ਬੈਂਚ ਦੀ ਸਥਾਪਨਾ
NEXT STORY