ਜਲੰਧਰ, (ਪਾਹਵਾ)-ਕੁਝ ਦਿਨ ਪਹਿਲਾਂ ਹਰਿਆਣਾ ਵਿਚ ਚੋਣ ਰੈਲੀ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਭਾਜਪਾ ਦੇ ਸਹਿਯੋਗੀ ਦਲ ਸ਼੍ਰੋਮਣੀ ਅਕਾਲੀ ਦਲ 'ਤੇ ਕਈ ਦੋਸ਼ ਲਗਾਏ ਸਨ। ਉਸ ਦੇ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਸਿਆਸੀ ਮਾਹੌਲ ਸਿਖਰਾਂ 'ਤੇ ਹੈ।
ਇਸ ਦੇ ਬਾਅਦ ਇਕ ਵਾਰ ਫਿਰ ਤੋਂ ਸਾਬਕਾ ਸੰਸਦ ਮੈਂਬਰ ਨੇ ਅਕਾਲੀ ਦਲ ਦੀਆਂ ਨੀਤੀਆਂ 'ਤੇ ਨਾ ਸਿਰਫ ਚੋਭਵੀਆਂ ਟਿੱਪਣੀਆਂ ਕੀਤੀਆਂ ਹਨ, ਸਗੋਂ ਪਾਰਟੀ ਦੇ ਨੇਤਾਵਾਂ ਨੂੰ ਕਟਹਿਰੇ ਵਿਚ ਵੀ ਖੜ੍ਹਾ ਕੀਤਾ ਹੈ।
ਅੱਜ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਵਿਚ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਰਾਸ਼ਟਰੀ ਪੱਧਰ ਦੀ ਪਾਰਟੀ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਹਰਿਆਣਾ ਦੀ ਲੋਕਲ ਪਾਰਟੀ ਦੇ ਨਾਲ ਮਿੱਤਰ ਧਰਮ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਰਾਸ਼ਟਰ ਅਤੇ ਮਿੱਤਰ ਧਰਮ ਵਿਚੋਂ ਪਹਿਲ ਮਿੱਤਰ ਧਰਮ ਨੂੰ ਦਿੱਤੀ ਹੈ ਜਿਸ ਤੋਂ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਦੇ ਲਈ ਰਾਸ਼ਟਰ ਧਰਮ ਕੋਈ ਅਰਥ ਨਹੀਂ ਰੱਖਦਾ। ਉਨ੍ਹਾਂ ਨੇ ਕਿਹਾ ਕਿ ਇਕ ਅਜਿਹੀ ਪਾਰਟੀ ਜਿਸ ਦੀ ਸੱਤਾ ਵਿਚ ਸਰਕਾਰ ਆਉਣ ਦੇ ਬਾਅਦ ਦੇਸ਼ ਵਿਚ ਬਦਲਾਅ ਲਹਿਰ ਚੱਲ ਰਹੀ ਹੈ, ਉਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨੇ ਮਾਨਯੋਗ ਅਦਾਲਤ ਵਲੋਂ ਸਜ਼ਾ ਹਾਸਲ ਲੋਕਾਂ ਨੂੰ ਗਲੇ ਲਗਾਇਆ ਹੈ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੀ ਹਰਿਆਣਾ ਵਿਚ ਇਸ ਹਰਕਤ ਨੂੰ ਲੈ ਕੇ ਆਮ ਜਨਤਾ ਵਿਚ ਪਾਰਟੀ ਦੇ ਨੇਤਾਵਾਂ ਦੇ ਪ੍ਰਤੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਅਦਾਲਤ ਨੇ ਸਜ਼ਾ ਦਿੱਤੀ ਹੋਵੇ ਉਨ੍ਹਾਂ ਲੋਕਾਂ ਦੇ ਨਾਲ ਅਕਾਲੀ ਦਲ ਨੇ ਸਮਝੌਤਾ ਕਰਕੇ ਅਦਾਲਤ ਦਾ ਅਤੇ ਹਰਿਆਣਾ ਦੇ ਲੋਕਾਂ ਦਾ ਵੀ ਅਪਮਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਮਾਮਲੇ ਵਿਚ ਅਦਾਲਤ ਨੇ ਇਨੈਲੋ ਨੇਤਾ ਨੂੰ ਸਜ਼ਾ ਦਿੱਤੀ ਹੈ ਉਹ ਸਿੱਧਾ ਆਮ ਲੋਕਾਂ ਨਾਲ ਜੁੜਿਆ ਮਾਮਲਾ ਹੈ।
ਸਿੱਧੂ ਨੇ ਇਹ ਵੀ ਕਿਹਾ ਕਿ ਭਾਜਪਾ ਨੇ ਹੀ ਅਕਾਲੀ ਦਲ ਦੀ ਰਾਸ਼ਟਰੀ ਪੱਧਰ ਉਤੇ ਪਛਾਣ ਬਣਵਾਈ ਹੈ, ਨਹੀਂ ਤਾਂ ਅਕਾਲੀ ਦਲ ਸਿਰਫ ਇਕ ਸੂਬੇ ਤੱਕ ਸੀਮਤ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਦੇ ਸਿਰ 'ਤੇ ਅਕਾਲੀ ਦਲ ਨੂੰ ਸ਼ੋਹਰਤ ਮਿਲੀ ਉਸੇ ਪਾਰਟੀ ਨੂੰ ਅੱਜ ਇਕ ਪਾਸੇ ਕਰਕੇ ਵਿਰੋਧੀਆਂ ਦੇ ਨਾਲ ਹੱਥ ਮਿਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤਾਂ ਸ਼ੇਖਚਿੱਲੀ ਦੀ ਜਿਊਂਦੀ ਜਾਗਦੀ ਉਦਾਹਰਨ ਹੈ ਜੋ ਉਸੇ ਸ਼ਾਖ ਨੂੰ ਕੱਟ ਰਿਹਾ ਹੈ ਜਿਸ ਉਤੇ ਆਪ ਬੈਠਾ ਹੈ। ਉਨ੍ਹਾਂ ਨੇ ਕਿਹਾ ਕਿ ਉਂਝ ਅਕਾਲੀ ਦਲ ਦੀ ਫਿਤਰਤ ਪਿੱਠ ਵਿਚ ਛੁਰਾ ਮਾਰਨ ਵਾਲੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਗੁਰਨਾਮ ਸਿੰਘ ਦੀ ਸਰਕਾਰ ਡੇਗਣ ਵਿਚ ਵੀ ਅਕਾਲੀ ਦਲ ਨੇ ਭੂਮਿਕਾ ਨਿਭਾਈ। ਅਤੇ ਸਰਕਾਰ ਨੂੰ ਇਕ ਸਾਲ ਤੋਂ ਵੱਧ ਚੱਲਣ ਨਹੀਂ ਦਿੱਤਾ।
ਮਹਾਭਾਰਤ ਦੀ ਮਿਸਾਲ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਦਾਨਵੀਰ ਕਰਣ ਨੇ ਵੀ ਕਪਟੀ ਸ਼ਕੁਨੀ ਅਤੇ ਦੁਰਯੋਧਨ ਦੇ ਨਾਲ ਮਿੱਤਰ ਧਰਮ ਨਿਭਾਇਆ ਸੀ ਜਿਸ ਦਾ ਖਮਿਆਜ਼ਾ ਉਸ ਨੇ ਭੁਗਤਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕਰਣ ਨੇ ਉਚਿਤ ਰਸਤਾ ਅਪਣਾਇਆ ਹੁੰਦਾ ਅਤੇ ਰਾਸ਼ਟਰ ਪ੍ਰੇਮ ਨੂੰ ਪਹਿਲ ਦਿੱਤੀ ਹੁੰਦੀ ਤਾਂ ਅੱਜ ਇਤਿਹਾਸ ਦੇ ਪੰਨਿਆਂ ਵਿਚ ਕਰਣ ਦਾ ਨਾਂ ਕੁਝ ਹੋਰ ਹੀ ਅੰਦਾਜ਼ ਨਾਲ ਲਿਆ ਜਾਂਦਾ। ਉਨ੍ਹਾਂ ਨੇ ਕਿਹਾ ਕਿ ਇਹੀ ਹਾਲਤ ਅਕਾਲੀ ਦਲ ਦੀ ਵੀ ਹੈ ਜੋ ਰਾਸ਼ਟਰ ਪ੍ਰੇਮ ਛੱਡ ਕੇ ਸਜ਼ਾ ਹਾਸਲ ਲੋਕਾਂ ਦੀ ਪਨਾਹ ਵਿਚ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਲੋਕ ਸਮੇਂ ਸਮੇਂ ਉੱਤੇ ਰੰਗ ਬਦਲਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਚੋਣਾਂ ਸਨ ਤਾਂ ਅਕਾਲੀ ਦਲ ਭਾਜਪਾ ਦੇ ਪਿੱਛੇ-ਪਿੱਛੇ ਘੁੰਮ ਰਿਹਾ ਸੀ। ਇਥੋਂ ਤੱਕ ਕਿ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਦੇ ਦਮ ਉੱਤੇ ਅਕਾਲੀ ਦਲ ਨੇ ਚੋਣ ਜਿੱਤੀ ਪਰ ਜਦੋਂ ਜਿੱਤ ਹਾਸਲ ਹੋ ਗਈ ਤਾਂ ਅਕਾਲੀ ਦਲ ਨੇ ਆਪਣੇ ਪੱਧਰ 'ਤੇ ਰਾਜ ਵਿਚ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਭਾਜਪਾ ਨੂੰ ਪਾਸੇ ਕਰਕੇ ਆਪਣੇ ਫੈਸਲੇ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ 'ਸਾਈਆਂ ਕਿਤੇ ਵਧਾਈਆਂ ਕਿਤੇ' ਵਾਲਾ ਹਿਸਾਬ ਹੈ।
ਸਿੱਧੂ ਨੇ ਕਿਹਾ ਕਿ ਅਕਾਲੀ ਦਲ ਬਾਰੇ ਇਕ ਗੱਲ ਕਹੀ ਜਾਂਦੀ ਰਹੀ ਹੈ ਕਿ ਇਹ ਇਕ ਪਵਿੱਤਰ ਜਮਾਤ ਹੈ ਪਰ ਅੱਜ ਹਾਲਤ ਅਲੱਗ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ''ਅਕਾਲੀ ਦਲ ਸੀ ਪਵਿੱਤਰ ਜਮਾਤ, ਕੁਝ ਨੇ ਬਣਾ ਲਈ ਆਪਣੀ ਜਾਇਦਾਦ'' ਵਾਲੀ ਗੱਲ ਸਹੀ ਲੱਗ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਜੋ ਵੀ ਕਹਿ ਰਹੇ ਹਨ ਉਹ ਸਹੀ ਹੈ ਅਤੇ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਉਹ ਖੁੱਲ੍ਹੀ ਬਹਿਸ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਲੋਕ ਚਾਹੁਣ ਤਾਂ ਖੁੱਲ੍ਹੀ ਬਹਿਸ ਕਰਾ ਲੈਣ। ਆਮ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਅਤੇ ਅਕਾਲੀ ਦਲ ਵਿਚ ਹਿੰਮਤ ਹੋਵੇ ਤਾਂ ਉਹ ਵੀ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵੇ। ਉਨ੍ਹਾਂ ਕਿਹਾ ਕਿ ਉਂਝ ਸਭ ਨੂੰ ਪਤਾ ਹੈ ਕਿ ਅਕਾਲੀ ਦਲ ਦੇ ਕੁਝ ਵੀ ਪੱਲੇ ਨਹੀਂ ਹੈ।
ਸਿੱਖਾਂ ਨੂੰ ਵੰਡਣ ਕਾਰਨ ਕਾਂਗਰਸ ਨੂੰ ਚੁਕਾਉਣੀ ਹੋਵੇਗੀ ਭਾਰੀ ਕੀਮਤ : ਐੱਸ. ਜੀ. ਪੀ. ਸੀ.
NEXT STORY