ਸਾਹਨੇਵਾਲ/ਕੁਹਾੜਾ (ਜਗਰੂਪ) : ਚੌਂਕੀ ਕੰਗਣਵਾਲ ਦੇ ਇਲਾਕੇ 'ਚ ਸਥਿਤ ਫੌਜੀ ਕਲੋਨੀ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਬੀਤੀ ਸ਼ਾਮ ਤੋਂ ਹੀ ਆਪਣੇ ਘਰ ਤੋਂ ਲਾਪਤਾ ਸੀ। ਜਿਸ ਦੀ ਪਰਿਵਾਰ ਵੱਲੋਂ ਤਲਾਸ਼ ਕੀਤੀ ਜਾ ਰਹੀ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਸੁਰਿੰਦਰ ਨਾਥ (63) ਪੁੱਤਰ ਬਬੂਤੀ ਸਿੰਘ ਵਾਸੀ ਮਾਤਾ ਭਾਗਪੁਰ ਕਲੋਨੀ, ਗੋਬਿੰਦਗੜ੍ਹ, ਲੁਧਿਆਣਾ ਦੇ ਰੂਪ 'ਚ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਲੜਕੇ ਬਰਕੇਸ਼ਵਰ ਸਿੰਘ ਨੇ ਦੱਸਿਆ ਕਿ ਉਹ 5 ਭੈਣ-ਭਰਾ ਹਨ। ਬੀਤੀ ਸ਼ਾਮ ਉਸਦਾ ਪਿਤਾ ਆਪਣੀਆਂ ਐਨਕਾਂ ਜੋ ਠੀਕ ਹੋਣ ਲਈ ਦਿੱਤੀਆਂ ਹੋਈਆਂ ਸਨ ਲੈਣ ਲਈ ਗਿਆ ਸੀ। ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਜਿਨ੍ਹਾਂ ਦੀ ਅਸੀਂ ਦੇਰ ਰਾਤ ਤੱਕ ਤਲਾਸ਼ ਕੀਤੀ ਪਰ ਕਿਧਰੇ ਵੀ ਉਨ੍ਹਾਂ ਦਾ ਕੋਈ ਪਤਾ ਨਹੀਂ ਚੱਲਿਆ। ਅੱਜ ਸਵੇਰੇ ਵੀ ਜਦੋਂ ਅਸੀਂ ਉਨ੍ਹਾਂ ਦੀ ਤਲਾਸ਼ ਲਈ ਨਿਕਲੇ ਤਾਂ ਉਹ ਨੇੜੇ ਹੀ ਸਥਿਤ ਫੌਜੀ ਕਲੋਨੀ 'ਚ ਕਥਿਤ ਮ੍ਰਿਤਕ ਹਾਲਤ 'ਚ ਪਏ ਹੋਏ ਮਿਲੇ। ਜਿਸ ਤੋਂ ਬਾਅਦ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਸ਼ਬਜੀ ਲਿਆਉਣ ਤੋਂ ਬਾਅਦ ਫਿਰ ਵਾਪਸ ਗਿਆ ਸੀ ਐਨਕਾਂ ਲੈਣ : ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਲਾਪਤਾ ਹੋਣ ਤੋਂ ਪਹਿਲਾਂ ਉਸ ਦਾ ਪਿਤਾ ਅਤੇ ਉਹ ਸ਼ਬਜੀ ਲੈਣ ਲਈ ਬਜ਼ਾਰ ਗਏ ਸੀ। ਸ਼ਬਜੀ ਲਿਆਉਣ ਤੋਂ ਬਾਅਦ ਘਰ ਵਾਪਸ ਪਰਤਕੇ ਉਸ ਦੇ ਪਿਤਾ ਨੇ ਕਿਹਾ ਕਿ ਉਹ ਆਪਣੀਆਂ ਠੀਕ ਹੋਣ ਲਈ ਦਿੱਤੀਆਂ ਗਈਆਂ ਐਨਕਾਂ ਲੈਣ ਲਈ ਚੱਲਿਆ ਹੈ। ਜਿਸ ਤੋਂ ਬਾਅਦ ਉਹ ਫਿਰ ਮੁੜ ਘਰ ਵਾਪਸ ਨਹੀਂ ਪਰਤਿਆ। ਜਿਸਦੀ ਅਸੀਂ ਆਪਣੇ ਤੌਰ 'ਤੇ ਕਾਫੀ ਤਲਾਸ਼ ਕੀਤੀ।
ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਚੌਂਕੀ ਕੰਗਣਵਾਲ ਦੇ ਇੰਚਾਰਜ ਸਬ ਇੰਸਪੈਕਟਰ ਦਲਬੀਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਾਮਲੇ ਸਬੰਧੀ ਸਬ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਕਥਿਤ ਤੇਜ਼ਧਾਰ ਹਥਿਆਰ ਅਤੇ ਲੋਹੇ ਦੀਆਂ ਰਾਡਾਂ ਨਾਲ ਵਾਰ ਕੀਤੇ ਗਏ ਹਨ। ਜਦਕਿ ਮ੍ਰਿਤਕ ਦੀ ਲਾਸ਼ ਕੋਲੋਂ ਮਿਲੀ ਸ਼ਰਾਬ ਦੀ ਬੋਤਲ ਅਤੇ ਖਾਲੀ ਗਲਾਸ ਵੀ ਸ਼ੱਕ ਪੈਦਾ ਕਰਦੇ ਹਨ। ਇਸ ਲਈ ਹੋ ਸਕਦਾ ਹੈ ਕਿ ਹਤਿਆਰਿਆਂ ਨੇ ਪਹਿਲਾਂ ਮ੍ਰਿਤਕ ਦੇ ਨਾਲ ਸ਼ਰਾਬ ਪੀਤੀ ਹੋਵੇ ਅਤੇ ਫਿਰ ਉਸਦੀ ਕਥਿਤ ਹੱਤਿਆ ਕਰ ਦਿੱਤੀ ਹੋਵੇ। ਪਰ ਫਿਰ ਵੀ ਪੁਲਸ ਨੇ ਮ੍ਰਿਤਕ ਦੇ ਬੇਟੇ ਬਰਕੇਸ਼ਵਰ ਦੇ ਬਿਆਨਾਂ 'ਤੇ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ਼ ਕਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਨੇਮਾ 'ਚ ਲੜਕੀ ਨਾਲ ਬਲਾਤਕਾਰ
NEXT STORY