ਗਠਜੋੜ 'ਚ ਵਧੀ ਕੁੜੱਤਣ!
ਵੱਡੇ ਬਾਦਲ ਵੀ ਰਹੇ ਖਾਮੋਸ਼, ਰਾਜ ਭਵਨ 'ਚ ਹੋਏ ਪ੍ਰੋਗਰਾਮ 'ਚ ਭਾਜਪਾ ਮੰਤਰੀ ਤੇ ਆਗੂ ਰਹੇ ਗੈਰ-ਹਾਜ਼ਰ
ਚੰਡੀਗੜ੍ਹ, (ਭੁੱਲਰ) - ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ 'ਚ ਕੁੜੱਤਣ ਵੱਧ ਚੁੱਕੀ ਹੈ, ਜਿਸ ਦਾ ਸਪੱਸ਼ਟ ਸੰਕੇਤ ਅੱਜ ਇਥੇ ਪੰਜਾਬ ਰਾਜ ਭਵਨ 'ਚ ਆਰ.ਟੀ.ਆਈ. ਕਮਿਸ਼ਨ ਅਤੇ ਪੀ. ਪੀ. ਐੱਸ. ਸੀ. ਦੇ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਸਮੇਂ ਮਿਲਿਆ। ਇਸ ਪ੍ਰੋਗਰਾਮ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਅਤੇ ਅਕਾਲੀ ਮੰਤਰੀ ਅਤੇ ਮੁੱਖ ਅਕਾਲੀ ਨੇਤਾ ਸ਼ਾਮਲ ਸਨ ਪਰ ਸਰਕਾਰ 'ਚ ਭਾਈਵਾਲ ਪਾਰਟੀ ਭਾਜਪਾ ਦੇ ਮੰਤਰੀ ਅਤੇ ਮੁੱਖ ਨੇਤਾ ਗੈਰ-ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਸਮੇਤ ਮੁਖ ਆਗੂ ਅਤੇ ਮੰਤਰੀ ਚੰਡੀਗੜ੍ਹ 'ਚ ਹੀ ਮੌਜੂਦ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਰਾਜ ਭਵਨ 'ਚ ਹੋਏ ਇਸ ਅਹਿਮ ਪ੍ਰੋਗਰਾਮ 'ਚ ਸ਼ਾਮਲ ਹੋਣਾ ਮੁਨਾਸਿਬ ਨਹੀਂ ਸਮਝਿਆ। ਰਾਜ ਭਵਨ 'ਚ ਹੋਏ ਪ੍ਰੋਗਰਾਮ 'ਚ ਸੁਖਬੀਰ ਬਾਦਲ ਪਹੁੰਚੇ ਪਰ ਉਹ ਤਿੰਨ ਮੈਂਬਰਾਂ ਦੇ ਸਹੁੰ ਚੁੱਕਣ ਦੀ ਕੁਝ ਮਿੰਟਾਂ ਦੀ ਰਸਮ 'ਚ ਸ਼ਾਮਲ ਹੋਣ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਦੇ ਐਲਾਨ ਨਾਲ ਹੀ ਬਿਨਾਂ ਚਾਹ ਪੀਤੇ ਚੁੱਪਚਾਪ ਮੀਡੀਆ ਦਾ ਸਾਹਮਣਾ ਕੀਤੇ ਬਿਨਾਂ ਦੂਜੇ ਦਰਵਾਜ਼ੇ ਰਾਹੀਂ ਖਿਸਕ ਗਏ। ਇਸ ਤੋਂ ਬਾਅਦ ਪ੍ਰੋਗਰਾਮ 'ਚ ਮੌਜੂਦ ਪੱਤਰਕਾਰ ਵੀ ਹੱਥ ਮਲਦੇ ਹੀ ਰਹਿ ਗਏ, ਜੋ ਕਿ ਬਦਲੇ ਤਾਜ਼ਾ ਰਾਜਨੀਤਿਕ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਤੋਂ ਸੁਆਲ ਪੁੱਛਣਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਦੀਵਾਲੀ ਤੋਂ ਬਾਅਦ ਤੋਂ ਹੀ ਚੰਡੀਗੜ੍ਹ ਤੋਂ ਬਾਹਰ ਸਨ। ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਰਾਜ ਭਵਨ ਦੇ ਵਿਹੜੇ 'ਚ ਚਾਹ-ਪਾਣੀ 'ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਬਾਦਲ ਅਤੇ ਉਨ੍ਹਾਂ ਨਾਲ ਮੌਜੂਦ 7 ਸੀਨੀਅਰ ਮੰਤਰੀ ਕਾਫੀ ਸਮਾਂ ਉਥੇ ਰਹੇ। ਜ਼ਿਕਰਯੋਗ ਗੱਲ ਹੈ ਕਿ ਮੁੱਖ ਮੰਤਰੀ ਬਾਦਲ ਨੇ ਵੀ ਖਾਮੋਸ਼ੀ ਧਾਰੀ ਰੱਖੀ ਅਤੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਥੇ ਮੌਜੂਦ ਅਕਾਲੀ ਮੰਤਰੀਆਂ ਅਤੇ ਸੀਨੀਅਰ ਨੇਤਾਵਾਂ ਤੋਂ ਵੀ ਗਠਜੋੜ ਬਾਰੇ ਚਲ ਰਹੀਆਂ ਚਰਚਾਵਾਂ ਸੰਬੰਧੀ ਗੱਲਬਾਤ ਕਰਨ ਦਾ ਯਤਨ ਕੀਤਾ ਗਿਆ ਪਰ ਇਨ੍ਹਾਂ ਨੇ ਵੀ ਕੋਈ ਜਵਾਬ ਦੇਣ ਦੀ ਥਾਂ ਹਾਸੇ ਮਜ਼ਾਕ 'ਚ ਗੱਲਾਂ ਟਾਲ ਦਿੱਤੀਆਂ। ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੇ ਮੁੱਖ ਮੈਂਬਰ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਤੋਂ ਜਦੋਂ ਪੁੱਛਿਆ ਗਿਆ ਕਿ ਕਮੇਟੀ ਦੀਆਂ ਪਿਛਲੀਆਂ ਮੀਟਿੰਗਾਂ 'ਚ ਕੋਈ ਠੋਸ ਫੈਸਲੇ ਨਹੀਂ ਹੋਏ ਅਤੇ ਹੁਣ ਕਾਫੀ ਸਮੇਂ ਤੋਂ ਮੀਟਿੰਗ ਵੀ ਨਹੀਂ ਹੋਈ ਤਾਂ ਉਨ੍ਹਾਂ ਕਿਹਾ ਕਿ ਹਰਿਆਣਾ ਚੋਣਾਂ ਅਤੇ ਦੀਵਾਲੀ ਆਦਿ ਦੇ ਤਿਓਹਾਰਾਂ ਕਾਰਨ ਦੇਰੀ ਹੋਈ ਹੈ ਪਰ ਹੁਣ ਛੇਤੀ ਹੀ ਬੈਠਕ ਬੁਲਾਈ ਜਾਵੇਗੀ।
ਨਵੰਬਰ 1984 ਦੇ ਦੰਗਾ ਪੀੜਤਾਂ 'ਤੇ ਰਾਜਨੀਤੀ ਕਰਨੀ ਬੰਦ ਕਰੋ : ਰਾਜੋਆਣਾ
NEXT STORY