ਮੁੰਬਈ- ਬਾਲੀਵੁੱਡ 'ਚ ਸਦਾਸ਼ਿਵ ਅਮਰਾਪੁਰਕਰ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਬਲਬੁਤੇ 'ਤੇ ਬਾਲੀਵੁੱਡ 'ਚ ਵਿਲੇਨ ਦੇ ਤੌਰ 'ਤੇ ਵੱਖਰੀ ਹੀ ਪਛਾਣ ਬਣਾਈ ਸੀ। ਸਦਾਸ਼ਿਵ ਨੂੰ ਬੈਸਟ ਵਿਲੇਨ ਲਈ ਬਾਲੀਵੁੱਡ 'ਚ ਜਾਣਿਆ ਜਾਂਦਾ ਸੀ। ਇਹ ਅਭਿਨੇਤਾ ਅੱਜ ਸਾਡੇ ਵਿਚ ਨਹੀਂ ਰਹੇ ਹਨ। ਦੱਸਣਯੋਗ ਹੈ ਕਿ ਫੇਫੜਿਆਂ ਦੀ ਇੰਫੈਕਸ਼ਨ ਨਾਲ ਪੀੜਤ ਸਦਾਸ਼ਿਵ ਦਾ ਕੋਕਿਲਾਬੇਨ ਧੀਰੂਭਾਈ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇਨ੍ਹਾਂ ਦਾ ਅੱਜ ਸਵੇਰ ਨੂੰ ਦੇਹਾਂਤ ਹੋ ਗਿਆ ਹੈ। ਇਹ ਅਭਿਨੇਤਾ 64 ਸਾਲਾਂ ਦੇ ਸਨ।
ਸਦਾਸ਼ਿਵ ਅਮਰਾਪੁਰਕਰ ਇਕ ਭਾਰਤੀ ਅਭਿਨੇਤਾ ਸਨ। ਇਨ੍ਹਾਂ ਦਾ ਜਨਮ 11 ਮਈ 1950 ਅਹਿਮਦਾਨਗਰ ਵਿਖੇ ਹੋਇਆ। ਇਸ ਅਭਿਨੇਤਾ ਨੇ ਮਰਾਠੀ ਅਤੇ ਹਿੰਦੀ ਫਿਲਮਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਇਨ੍ਹਾਂ ਦਾ ਅਸਲੀ ਨਾਂ ਗਣੇਸ਼ ਕੁਮਾਰ ਨਾਰਵੋਡੇ ਸੀ। ਇਨ੍ਹਾਂ ਨੇ ਸਾਲ 1974 'ਚ ਆਪਣਾ ਨਾਂ ਬਦਲ ਕੇ ਸਦਾਸ਼ਿਵ ਰੱਖ ਲਿਆ ਸੀ। ਇਹ ਅਭਿਨੇਤਾ ਆਪਣੇ ਪਰਿਵਾਰ ਅਤੇ ਮਿੱਤਰਾਂ ਵਿਚਾਲੇ ਤਾਤਿਆ ਦੇ ਨਾਂ ਨਾਲ ਮਸ਼ਹੂਰ ਸਨ। ਛੋਟੀ ਉਮਰ 'ਚ ਹੀ ਅਮਰਾਪੁਰਕਰ ਨੂੰ ਅਭਿਨੈ ਦਾ ਸ਼ੌਕ ਸੀ ਅਤੇ ਉਹ ਸਕੂਲ ਕਾਲੇਜਾਂ 'ਚ ਵੀ ਵੱਖ-ਵੱਖ ਨਾਟਕਾਂ 'ਚ ਹਿੱਸਾ ਲੈਂਦੇ ਰਹੇ ਹਨ। ਸਾਲ 1991 'ਚ ਰਿਲੀਜ਼ ਫਿਲਮ 'ਸੜਕ' 'ਚ ਸਦਾਸ਼ਿਵ ਨੇ ਨੈਗੇਟਿਵ ਰੋਲ ਅਦਾ ਕੀਤਾ ਸੀ। ਇਸ ਕਿਰਦਾਰ ਨੂੰ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ ਸੀ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਵੀ ਸੁਪਰਹਿੱਟ ਸਾਬਤ ਹੋਈ ਸੀ। ਫਿਲਮ 'ਅਰਧਸੱਤਿਆ' 'ਚ ਖਲਨਾਇਕ ਅਤੇ 'ਇਸ਼ਕ' 'ਚ ਇਕ ਸੁਆਰਥੀ ਪਿਤਾ ਦੀ ਭੂਮਿਕਾ ਅਦਾ ਕੀਤੀ ਸੀ। ਇਨ੍ਹਾਂ ਕਿਰਦਾਰਾਂ ਰਾਹੀਂ ਸਦਾਸ਼ਿਵ ਨੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਸੀ। ਪਰਦੇ 'ਤੇ ਨਕਰਾਤਮ ਕਿਰਦਾਰਾਂ ਰਾਹੀਂ ਲੋਕਾਂ 'ਚ ਡਰ ਪੈਦਾ ਕਰਨ ਵਾਲੇ ਇਹ ਅਭਿਨੇਤਾ ਅਸਲ ਜ਼ਿੰਦਗੀ 'ਚ ਬਹੁਤ ਹੀ ਵਧੀਆ ਸੁਭਾਅ ਦੇ ਇਨਸਾਨ ਸਨ।
ਜ਼ਿਕਰਯੋਗ ਹੈ ਕਿ ਬਹੁਮੁਖੀ ਪ੍ਰਤਿਭਾ ਦੇ ਧਨੀ ਸਦਾਸ਼ਿਵ ਅਮਰਾਪੁਰਕਰ ਨੇ ਆਪਣੇ ਤਿੰਨ ਦਹਾਕਿਆਂ ਦੇ ਵੀ ਲੰਬੇ ਕੈਰੀਅਰ 'ਚ ਭਾਵੇਂ ਖਲਨਾਇਕ ਦੀ ਭੂਮਿਕਾ ਜਾਂ ਫਿਰ ਕਾਮੇਡੀ ਭੂਮਿਕਾ ਕੀਤੀ ਹੋਵੇਂ ਦੋਹਾਂ 'ਚ ਹੀ ਆਪਣੇ ਅਭਿਨੈ ਦੇ ਜਾਦੂ ਨਾਲ ਭਾਰਤੀ ਸਿਨੇਮਾ ਦੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਕਾਮਯਾਬ ਰਹੇ ਹਨ। ਸਦਾਸ਼ਿਵ ਨੂੰ ਫਿਲਮ 'ਅਰਧਸੱਤਿਆ' ਲਈ ਬੈਸਟ ਸਪੋਰਟਿੰਗ ਐਵਾਰਡ ਨਾਲ ਨਵਾਜਿਆ ਗਿਆ ਹੈ। ਸਾਲ 1988 'ਚ ਆਈ 'ਕਾਲ ਚੱਕਰ' ਲਈ ਬੈਲਟ ਵਿਲੇਨ ਦਾ ਖਿਤਾਬ ਮਿਲ ਚੁੱਕਿਆ ਹੈ। ਇਸੇ ਤਰ੍ਹਾਂ ਹੀ ਫਿਲਮ 'ਸੜਕ' ਲਈ ਵੀ ਬੈਸਟ ਵਿਲੇਨ ਦਾ ਖਿਤਾਬ ਮਿਲ ਚੁੱਕਿਆ ਹੈ।
ਦੱਸਣਯੋਗ ਹੈ ਕਿ ਸਦਾਸ਼ਿਵ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ 'ਆਂਖੇ', 'ਇਸ਼ਕ', 'ਕੁਲੀ ਨੰਬਰ ਵਨ', 'ਗੁਪਤ', 'ਆਂਟੀ ਨੰਬਰ 1', ਆਦਿ ਫਿਲਮਾਂ 'ਚ ਕੰਮ ਕੀਤਾ। ਇਨ੍ਹਾਂ ਦੀ ਸਾਲ 2012 'ਚ ਆਈ ਫਿਲਮ 'ਬਾਂਬਾ ਟੌਕੀਜ਼' ਆਖਰੀ ਫਿਲਮ ਸੀ। ਇਸ ਤੋਂ ਇਲਾਵਾ ਸਦਾਸ਼ਿਵ ਸਮਾਜਿਕ ਕੰਮਾਂ 'ਚ ਵੀ ਹਿੱਸੇ ਲੈਂਦੇ ਰਹੇ ਹਨ।
ਪਰਿਵਾਰਕ ਸੂਤਰਾਂ ਅਨੁਸਾਰ ਇਨ੍ਹਾਂ ਦਾ ਅੰਤਿਮ ਸੰਸਕਾਰ ਅਹਿਮਦਾਬਾਦ 'ਚ ਮੰਗਲਵਾਰ ਨੂੰ ਕੀਤਾ ਜਾਵੇਗਾ। ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਮਹਾਨ ਅਭਿਨੇਤਾ ਦੀ ਮੌਤ 'ਤੇ ਉਨ੍ਹਾਂ ਨੂੰ ਯਾਦ ਕੀਤਾ। ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ।
ਮੋਦੀ ਸਰਕਾਰ 'ਤੇ ਇਹ ਕੀ ਬੋਲੇ ਸ਼ਾਹਰੁਖ
NEXT STORY